PM ਮੋਦੀ ਨੇ ਇਤਿਹਾਸਕ ਲਾਲ ਕਿਲ੍ਹੇ ਦੀ ਫਸੀਲ ਤੋਂ 13ਵੀਂ ਵਾਰ ਲਹਿਰਾਇਆ ਕੌਮੀ ਝੰਡਾ

Top Trending News ਦਿੱਲੀ ਰਾਸ਼ਟਰੀ

 

PM ਮੋਦੀ ਨੇ ਇਤਿਹਾਸਕ ਲਾਲ ਕਿਲ੍ਹੇ ਦੀ ਫਸੀਲ ਤੋਂ 13ਵੀਂ ਵਾਰ ਲਹਿਰਾਇਆ ਕੌਮੀ ਝੰਡਾ

ਨਵੀਂ ਦਿੱਲੀ, 15 ਅਗਸਤ 2026

80ਵੇਂ ਆਜ਼ਾਦੀ ਦਿਵਸ ਮੌਕੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਤਿਹਾਸਕ ਲਾਲ ਕਿਲ੍ਹੇ ਦੀ ਫਸੀਲ ਤੋਂ 13ਵੀਂ ਵਾਰ ਕੌਮੀ ਝੰਡਾ ਲਹਿਰਾਇਆ। ਤਿਰੰਗਾ ਲਹਿਰਾਉਣ ਤੋਂ ਬਾਅਦ 21 ਤੋਪਾਂ ਦੀ ਸਲਾਮੀ ਦਿੱਤੀ ਗਈ। ਇਸ ਮੌਕੇ ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਵੱਡੇ ਸੁਪਨੇ ਦੇਖਣ ਅਤੇ ਉੱਚੇ ਇਰਾਦਿਆਂ ਨਾਲ ਦੇਸ਼ ਨੂੰ ਅੱਗੇ ਲਿਜਾਣ ਦਾ ਸੱਦਾ ਦਿੱਤਾ।

ਪੀਐੱਮ ਮੋਦੀ ਨੇ ਕਿਹਾ ਕਿ ਕੋਈ ਵੀ ਦੇਸ਼ ਆਪਣੇ ਸੁਪਨਿਆਂ, ਸੰਕਲਪ ਅਤੇ ਤਾਕਤ ਦੇ ਬਲ ’ਤੇ ਤਰੱਕੀ ਕਰਦਿਆਂ ਮਹਾਨ ਬਣਦਾ ਹੈ। ਉਨ੍ਹਾਂ ਕਿਹਾ ਕਿ ਹੁਣ ਦੇਸ਼ ਛੋਟੇ ਸੁਪਨਿਆਂ ਤੱਕ ਸੀਮਤ ਨਹੀਂ ਰਹਿ ਸਕਦਾ ਅਤੇ ਲੋਕਾਂ ਨੂੰ ਵੱਡੇ ਟੀਚੇ ਨਿਰਧਾਰਤ ਕਰਨੇ ਚਾਹੀਦੇ ਹਨ। ਉਨ੍ਹਾਂ ਅਨੁਸਾਰ ਵੱਡੇ ਸੁਪਨੇ ਸੋਚ ਦਾ ਵਿਸਥਾਰ ਕਰਦੇ ਹਨ ਅਤੇ ਦੇਸ਼ ਦਾ ਇਰਾਦਾ ਵੀ ਉੱਚਾ ਹੋਣਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਹਰ ਘਰ ਤਿਰੰਗਾ ਹੈ, ਹਰ ਦਿਲ ਤਿਰੰਗਾ ਹੈ ਅਤੇ ਦੇਸ਼ ਉਤਸ਼ਾਹ ਤੇ ਜੋਸ਼ ਨਾਲ ਨਵੇਂ ਸੰਕਲਪਾਂ ਦੇ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਲਾਲ ਕਿਲ੍ਹੇ ਤੋਂ ਪਹਿਲੀ ਵਾਰ ‘ਵੰਦੇ ਮਾਤਰਮ’ ਦੀ ਗੂੰਜ ਸੁਣਾਈ ਦੇ ਰਹੀ ਹੈ ਅਤੇ ਇਸ ਤੋਂ ਵਧੀਆ ਮੌਕਾ ਹੋਰ ਨਹੀਂ ਹੋ ਸਕਦਾ, ਕਿਉਂਕਿ ਦੇਸ਼ ‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਿਹਾ ਹੈ।

ਇਸ ਦੌਰਾਨ ਪੀਐੱਮ ਮੋਦੀ ਨੇ ਦੇਸ਼ ਦੇ ਕੁਝ ਹਿੱਸਿਆਂ ਵਿੱਚ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਪ੍ਰਭਾਵਿਤ ਲੋਕਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ। ਉਨ੍ਹਾਂ ਪ੍ਰਭਾਵਿਤ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਕਿ ਮੁਸ਼ਕਲ ਦੀ ਇਸ ਘੜੀ ਵਿੱਚ ਪੂਰਾ ਦੇਸ਼ ਉਨ੍ਹਾਂ ਦੇ ਨਾਲ ਖੜ੍ਹਾ ਹੈ।