ਪੰਜਾਬ ਅਤੇ ਹਰਿਆਣਾ ‘ਚ ਕਿਸਾਨਾਂ ਅਤੇ ਮੁਲਾਜ਼ਮਾਂ ‘ਤੇ ਜ਼ਬਰ ਦੀ ਭਾਕਿਯੂ ਏਕਤਾ ਡਕੌਂਦਾ ਵੱਲੋਂ ਨਿਖੇਧੀ

Top Trending News ਪੰਜਾਬ

  • ਪੰਜਾਬ ਅਤੇ ਹਰਿਆਣਾ ‘ਚ ਕਿਸਾਨਾਂ ਅਤੇ ਮੁਲਾਜ਼ਮਾਂ ‘ਤੇ ਜ਼ਬਰ ਦੀ ਭਾਕਿਯੂ ਏਕਤਾ ਡਕੌਂਦਾ ਵੱਲੋਂ ਨਿਖੇਧੀ
  • ਪੰਜਾਬ ਅਤੇ ਹਰਿਆਣਾ ਸਰਕਾਰਾਂ ਨੇ, ਲੋਕਾਂ ਨੂੰ ਕੁੱਟ ਕੇ 15 ਅਗਸਤ ਨੂੰ ਕਾਰਪੋਰੇਟ ਆਜ਼ਾਦੀ ਦਿਨ ਵਜੋਂ ਮਨਾਇਆ: ਮਨਜੀਤ ਧਨੇਰ
  • ਲੋਕਾਂ ਦੇ ਇੱਕਜੁੱਟ ਸੰਘਰਸ਼ ਹੀ ਸਨਮਾਨ ਯੋਗ ਜ਼ਿੰਦਗੀ ਜਿਉਣ ਦੀ ਗਰੰਟੀ: ਹਰਨੇਕ ਮਹਿਮਾ

ਦਲਜੀਤ ਕੌਰ

ਚੰਡੀਗੜ੍ਹ, 15 ਅਗਸਤ, 2026: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੂਬਾ ਕਮੇਟੀ ਨੇ ਪੰਜਾਬ ਅਤੇ ਹਰਿਆਣਾ ਵਿਖੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਬੇਰੁਜ਼ਗਾਰਾਂ ਅਤੇ ਹੱਕ ਮੰਗਦੇ ਹੋਰ ਲੋਕਾਂ ਤੇ ਲਾਠੀਚਾਰਜ ਅਤੇ ਅੱਥਰੂ ਗੈਸ ਦੇ ਗੋਲੇ ਸੁੱਟਣ ਦੀ ਸਖ਼ਤ ਨਿਖੇਧੀ ਕੀਤੀ ਹੈ।

ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਕਿਹਾ ਕਿ ਅੱਜ ਫਿਰੋਜ਼ਪੁਰ ਵਿਖੇ ਭਗਵੰਤ ਮਾਨ ਨੂੰ ਕਾਲੀਆਂ ਝੰਡੀਆਂ ਦਿਖਾਉਣ ਲਈ ਇਕੱਠੇ ਹੋਏ 1158 ਸਹਾਇਕ ਪ੍ਰੋਫੈਸਰ ਅਤੇ ਲਾਈਬ੍ਰੇਰੀਅਨਾਂ ਤੇ ਲਾਠੀਚਾਰਜ ਕੀਤਾ ਗਿਆ। ਇਸੇ ਤਰ੍ਹਾਂ ਕੰਪਿਊਟਰ ਅਧਿਆਪਕ ਅਤੇ ਆਊਟਸੋਰਸਡ ਅਧਿਆਪਕਾਂ ਨੂੰ ਵੀ ਥਾਉਂ ਥਾਈਂ ਗ੍ਰਿਫ਼ਤਾਰ ਕਰਕੇ ਅਤੇ ਹੋਰ ਜ਼ਬਰ ਕਰਕੇ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ।

ਇਸੇ ਤਰ੍ਹਾਂ ਹਰਿਆਣਾ ਦੇ ਹਾਂਸੀ ਵਿਖੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਮਜ਼ਦੂਰਾਂ ਅਤੇ ਖਾਪ ਪੰਚਾਇਤਾਂ ਦੇ ਨੁਮਾਇੰਦਿਆਂ ਤੇ ਲਾਠੀਚਾਰਜ ਕੀਤਾ ਗਿਆ, ਅੱਥਰੂ ਗੈਸ ਦੇ ਗੋਲੇ ਛੱਡੇ ਗਏ ਅਤੇ ਸੀਆਈਏ ਦੇ ਇੰਚਾਰਜ ਨੇ ਆਪਣੇ ਸਾਥੀ ਮੁਲਾਜ਼ਮ ਤੋਂ ਏਕੇ 47 ਖੋਹ ਕੇ ਕਿਸਾਨਾਂ ਤੇ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ। ਇਹ ਪ੍ਰਦਰਸ਼ਨਕਾਰੀ ਹਿਸਾਰ ਦੇ ਜੀਵਨ ਕੁੰਡੂ ਨਾਮਕ ਕਿਸਾਨ ਦੀ ਭਾਜਪਾ ਦੇ ਗੁੰਡੇ ਰਮੇਸ਼ ਸ਼ਰਮਾ ਅਤੇ ਉਸ ਦੇ 15-20 ਲੱਠ ਮਾਰਾਂ ਵੱਲੋਂ 4 ਅਗਸਤ ਨੂੰ ਕੀਤੀ ਗਈ ਹੱਤਿਆ ਦੇ ਸਬੰਧ ਵਿੱਚ ਰਮੇਸ਼ ਸ਼ਰਮਾ ਨੂੰ ਗ੍ਰਿਫ਼ਤਾਰ ਕਰਵਾਉਣ ਲਈ ਮੁੱਖ ਮੰਤਰੀ ਨੂੰ ਕਾਲੇ ਝੰਡੇ ਦਿਖਾਉਣ ਲਈ ਆਏ ਸਨ। ਮੋਹਾਲੀ ਵਿਖੇ ਕੌਮੀ ਇਨਸਾਫ ਮੋਰਚੇ ਵਾਲਿਆਂ ਤੇ ਵੀ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ, ਅੱਥਰੂ ਗੈਸ ਦੇ ਗੋਲੇ ਸੁੱਟੇ ਗਏ ਅਤੇ ਲਾਠੀ ਚਾਰਜ ਕੀਤਾ ਗਿਆ।

ਸੂਬਾ ਕਮੇਟੀ ਨੇ ਕਿਹਾ ਕਿ ਆਪਣੇ ਫਰਜ਼ਾਂ ਨੂੰ ਨਿਭਾਉਣ ਵਿੱਚ ਅਸਫ਼ਲ ਸਰਕਾਰਾਂ, ਲੋਕਾਂ ਦੀ ਆਵਾਜ਼ ਨੂੰ ਕੁੱਟ ਕੇ ਦਬਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਸ ਤੋਂ ਪਤਾ ਲਗਦਾ ਹੈ ਕਿ 15 ਅਗਸਤ 1947 ਨੂੰ ਅੰਗਰੇਜ਼ਾਂ ਨਾਲ ਜੋ ਸਮਝੌਤਾ ਕਾਂਗਰਸ ਵੱਲੋਂ ਕੀਤਾ ਗਿਆ ਸੀ, ਉਹ ਅਸਲ ਵਿੱਚ ਕਾਰਪੋਰੇਟਾਂ ਲਈ ਲੁੱਟ ਦੀ ਆਜ਼ਾਦੀ ਸੀ। ਇਸ ਤੋਂ ਤੁਰੰਤ ਹੀ ਬਾਅਦ ਪੰਜਾਬ ਵਿੱਚ ਪੈਪਸੂ ਮੁਜ਼ਾਰਾ ਲਹਿਰ ਤੇ ਢਾਹਿਆ ਗਿਆ ਕਹਿਰ ਅਤੇ ਮਾਨਸਾ ਜ਼ਿਲ੍ਹੇ ਦੇ ਪਿੰਡ ਕਿਸ਼ਨਗੜ੍ਹ ਵਿਖੇ ਪਿੰਡ ਨੂੰ ਘੇਰਾ ਪਾ ਕੇ ਫੌਜ ਵੱਲੋਂ ਤੋਪਾਂ ਦੇ ਗੋਲੇ ਸੁੱਟਣ ਅਤੇ 4 ਕਿਸਾਨਾਂ ਨੂੰ ਸ਼ਹੀਦ ਕਰਨ ਦੀ ਘਟਨਾ ਵਾਪਰੀ ਸੀ। ਇਸ ਆਜ਼ਾਦੀ ਤੋਂ ਬਾਅਦ ਨਾਂ ਤਾਂ ਅੰਗਰੇਜ਼ਾਂ ਵੱਲੋਂ ਆਪਣੇ ਟਾਊਟਾਂ ਨੂੰ ਦਿੱਤੀਆਂ ਗਈਆਂ ਜਗੀਰਾਂ ਜ਼ਬਤ ਕੀਤੀਆਂ ਗਈਆਂ ਅਤੇ ਨਾਂ ਹੀ ਅੰਗਰੇਜ਼ਾਂ ਵੱਲੋਂ ਦੇਸ਼ ਭਗਤਾਂ ਦੀਆਂ ਜਬਤ ਕੀਤੀਆਂ ਗਈਆਂ ਜਾਇਦਾਦਾਂ ਵਾਪਸ ਕੀਤੀਆਂ ਗਈਆਂ ਹਨ।

ਸੂਬਾ ਕਮੇਟੀ ਨੇ ਸਾਰੇ ਸੰਘਰਸ਼ੀ ਲੋਕਾਂ ਨੂੰ ਆਪਣਾ ਏਕਾ ਹੋਰ ਵਿਸ਼ਾਲ ਕਰਨ ਅਤੇ ਜਮਹੂਰੀ ਢੰਗ ਤਰੀਕੇ ਅਪਣਾਕੇ ਜਥੇਬੰਦਕ ਸੰਘਰਸ਼ਾਂ ਦੇ ਰਾਹ ਤੇ ਅੱਗੇ ਵਧਣ ਦੀ ਅਪੀਲ ਕਰਦਿਆਂ ਕਿਹਾ ਕਿ ਇਹੋ ਹੀ ਇੱਕ ਠੀਕ ਰਾਹ ਹੈ ਜਿਸ ਤੇ ਚਲਦਿਆਂ ਲੋਕ ਆਪਣੇ ਹੱਕ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਨੇ 27 ਅਗਸਤ ਨੂੰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਦਿੱਤੇ ਗਏ ਸੰਘਰਸ਼ ਦੇ ਸੱਦੇ ਦੀ ਹਮਾਇਤ ਕੀਤੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਚੱਲ ਰਹੇ ਵਿਦਿਆਰਥੀਆਂ ਦੇ ਸੰਘਰਸ਼ ਦੀ ਵੀ ਹਮਾਇਤ ਕੀਤੀ ਗਈ। 9 ਸਤੰਬਰ ਨੂੰ ਪਿੰਡ ਤਲਵੰਡੀ ਸਲੇਮ ਵਿਖੇ ਸ਼ਹੀਦ ਅਵਤਾਰ ਸਿੰਘ ਪਾਸ਼ ਅਤੇ ਹੰਸ ਰਾਜ ਦੀ ਯਾਦਗਾਰ ਤੇ ਸਿਆਸੀ ਸ਼ਹਿ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਦੇ ਖ਼ਿਲਾਫ਼ ਕੀਤੇ ਜਾ ਰਹੇ ਮੁਜ਼ਾਹਰੇ ਵਿੱਚ ਵੀ ਜਥੇਬੰਦੀ ਦੇ ਕਾਰਕੁਨ ਵੱਧ ਚੜ੍ਹ ਕੇ ਸ਼ਾਮਲ ਹੋਣਗੇ।