ਹਾਕੀ ਵਿਸ਼ਵ ਕੱਪ 2026: ਭਾਰਤ ਨੇ ਵੇਲਜ਼ ਨੂੰ 3-1 ਨਾਲ ਹਰਾਕੇ ਕੀਤੀ ਜੇਤੂ ਸ਼ੁਰੂਆਤ

Top Trending News ਖੇਡਾਂ ਦਿੱਲੀ ਰਾਸ਼ਟਰੀ

 

ਹਾਕੀ ਵਿਸ਼ਵ ਕੱਪ 2026: ਭਾਰਤ ਨੇ ਵੇਲਜ਼ ਨੂੰ 3-1 ਨਾਲ ਹਰਾਕੇ ਕੀਤੀ ਜੇਤੂ ਸ਼ੁਰੂਆਤ

ਨਵੀਂ ਦਿੱਲੀ, 16 ਅਗਸਤ 2026

ਭਾਰਤੀ ਪੁਰਸ਼ ਹਾਕੀ ਟੀਮ ਨੇ ਬੈਲਜੀਅਮ ਅਤੇ ਨੀਦਰਲੈਂਡ ਵਿੱਚ ਸਾਂਝੇ ਤੌਰ ’ਤੇ ਕਰਵਾਏ ਜਾ ਰਹੇ ਹਾਕੀ ਵਿਸ਼ਵ ਕੱਪ 2026 ਵਿੱਚ ਜੇਤੂ ਆਗਾਜ਼ ਕੀਤਾ ਹੈ। ਆਜ਼ਾਦੀ ਦਿਵਸ ਮੌਕੇ 15 ਅਗਸਤ ਨੂੰ ਖੇਡੇ ਗਏ ਪੂਲ ਡੀ ਦੇ ਪਹਿਲੇ ਮੁਕਾਬਲੇ ਵਿੱਚ ਭਾਰਤ ਨੇ ਵੇਲਜ਼ ਨੂੰ 3-1 ਨਾਲ ਮਾਤ ਦਿੱਤੀ। ਇਸ ਜਿੱਤ ਨਾਲ ਭਾਰਤੀ ਟੀਮ ਨੇ ਮੁਕਾਬਲੇ ਵਿੱਚ ਆਪਣੀ ਮਜ਼ਬੂਤ ਦਾਅਵੇਦਾਰੀ ਪੇਸ਼ ਕੀਤੀ।

ਮੁਕਾਬਲੇ ਦੀ ਸ਼ੁਰੂਆਤ ਵਿੱਚ ਦੋਵੇਂ ਟੀਮਾਂ ਨੇ ਸੰਤੁਲਿਤ ਖੇਡ ਦਿਖਾਈ, ਪਰ ਭਾਰਤ ਨੇ ਜਲਦ ਹੀ ਹਮਲਾਵਰ ਰੁਖ ਅਪਣਾ ਲਿਆ। ਅੱਠਵੇਂ ਮਿੰਟ ਵਿੱਚ ਮਿਲੇ ਪੈਨਲਟੀ ਕਾਰਨਰ ਨੂੰ ਨੌਜਵਾਨ ਰੱਖਿਆ ਖਿਡਾਰੀ ਸੰਜੇ ਨੇ ਸ਼ਾਨਦਾਰ ਡਰੈਗ-ਫਲਿਕ ਰਾਹੀਂ ਗੋਲ ਵਿੱਚ ਬਦਲਦਿਆਂ ਭਾਰਤ ਨੂੰ 1-0 ਦੀ ਬੜ੍ਹਤ ਦਿਵਾਈ।

ਇਸ ਤੋਂ ਤਿੰਨ ਮਿੰਟ ਬਾਅਦ ਕਪਤਾਨ ਹਰਮਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ’ਤੇ ਆਪਣੀ ਤਾਕਤਵਰ ਅਤੇ ਸਟੀਕ ਫਲਿਕ ਨਾਲ ਗੇਂਦ ਜਾਲ ਵਿੱਚ ਪਹੁੰਚਾ ਕੇ ਭਾਰਤ ਦੀ ਬੜ੍ਹਤ 2-0 ਕਰ ਦਿੱਤੀ। ਦੂਜੇ ਕੁਆਰਟਰ ਵਿੱਚ ਵੇਲਜ਼ ਨੇ ਭਾਰਤੀ ਹਮਲਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਪਹਿਲੇ ਅੱਧ ਦੇ ਅੰਤ ਤੱਕ ਸਕੋਰ 2-0 ਰਿਹਾ।

ਤੀਜੇ ਕੁਆਰਟਰ ਵਿੱਚ ਭਾਰਤ ਨੇ ਮੱਧ-ਮੈਦਾਨ ਤੋਂ ਹਮਲੇ ਤੇਜ਼ ਕੀਤੇ। ਹਰਮਨਪ੍ਰੀਤ ਸਿੰਘ ਨੇ ਆਪਣਾ ਦੂਜਾ ਗੋਲ ਕਰਦਿਆਂ ਭਾਰਤ ਨੂੰ 3-0 ਨਾਲ ਅੱਗੇ ਕਰ ਦਿੱਤਾ। ਆਖਰੀ ਕੁਆਰਟਰ ਵਿੱਚ ਵੇਲਜ਼ ਨੇ 56ਵੇਂ ਮਿੰਟ ਵਿੱਚ ਇੱਕ ਗੋਲ ਕਰਕੇ ਅੰਤਰ ਘਟਾਇਆ, ਪਰ ਭਾਰਤੀ ਰੱਖਿਆ ਨੇ ਬਾਕੀ ਸਮੇਂ ਦੌਰਾਨ ਕੋਈ ਹੋਰ ਮੌਕਾ ਨਹੀਂ ਦਿੱਤਾ। ਇਸ ਤਰ੍ਹਾਂ ਭਾਰਤ ਨੇ 3-1 ਨਾਲ ਜਿੱਤ ਦਰਜ ਕਰਕੇ ਪੂਲ ਡੀ ਵਿੱਚ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ।