ਮੋਗਾ: ਰੇਲਵੇ ਪਟੜੀ ਤੋਂ ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ

Top Trending News ਪੰਜਾਬ

 

ਮੋਗਾ: ਰੇਲਵੇ ਪਟੜੀ ਤੋਂ ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ

ਮੋਗਾ, 16 ਅਗਸਤ 2026

ਮੋਗਾ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਘੱਲ ਕਲਾਂ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਰੇਲਵੇ ਪਟੜੀ ਤੋਂ ਇੱਕ ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ ਹੋਈ। ਲਾਸ਼ ਮਿਲਣ ਦੀ ਸੂਚਨਾ ਮਿਲਦੇ ਹੀ ਰੇਲਵੇ ਪੁਲਿਸ (ਜੀਆਰਪੀ) ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਜਾਣਕਾਰੀ ਅਨੁਸਾਰ, ਰੇਲਵੇ ਪੁਲਿਸ ਨੇ ਸਮਾਜ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਮ੍ਰਿਤਕ ਦੇਹ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪਛਾਣ ਲਈ ਮੋਗਾ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ। ਪੁਲਿਸ ਵੱਲੋਂ ਮ੍ਰਿਤਕ ਦੀ ਪਛਾਣ ਕਰਨ ਲਈ ਆਸ-ਪਾਸ ਦੇ ਇਲਾਕਿਆਂ ਵਿੱਚ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।

ਮ੍ਰਿਤਕ ਨੌਜਵਾਨ ਦੀ ਉਮਰ ਕਰੀਬ 25 ਤੋਂ 30 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਉਸ ਦੇ ਵਾਲ ਕੱਟੇ ਹੋਏ ਹਨ। ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਕ ਨੌਜਵਾਨ ਨੇ ਨੀਲੇ ਰੰਗ ਦੀ ਟੀ-ਸ਼ਰਟ, ਕਾਲੀ ਜੀਨਸ ਅਤੇ ਕਾਲੇ ਰੰਗ ਦੇ ਖੇਡਾਂ ਵਾਲੇ ਜੁੱਤੇ ਪਹਿਨੇ ਹੋਏ ਸਨ।

ਰੇਲਵੇ ਪੁਲਿਸ ਨੇ ਮ੍ਰਿਤਕ ਦੇਹ ਨੂੰ ਅਗਲੇ 72 ਘੰਟਿਆਂ ਲਈ ਮੁਰਦਾਘਰ ਵਿੱਚ ਰਖਵਾਇਆ ਹੈ, ਤਾਂ ਜੋ ਪਰਿਵਾਰਕ ਮੈਂਬਰਾਂ ਜਾਂ ਜਾਣ-ਪਛਾਣ ਵਾਲਿਆਂ ਵੱਲੋਂ ਪਛਾਣ ਕੀਤੀ ਜਾ ਸਕੇ। ਪੁਲਿਸ ਵੱਲੋਂ ਘਟਨਾ ਦੇ ਕਾਰਨਾਂ ਅਤੇ ਨੌਜਵਾਨ ਦੀ ਮੌਤ ਸਬੰਧੀ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ।