- ਪਟਿਆਲਾ ਤੋਂ ਲਾਪਤਾ ਤਿੰਨ ਨਾਬਾਲਿਗ ਵਿਦਿਆਰਥਣਾਂ ਹਰਿਆਣਾ ਚੋਂ ਮਿਲੀਆਂ
ਪਟਿਆਲਾ , 16 ਅਗਸਤ (ਦੇਸ਼ ਕਲਿੱਕ ਬਿਊਰੋ) – ਪਟਿਆਲਾ ਦੇ ਅਜੀਤ ਨਗਰ ਸਥਿਤ ਸੈਂਟ ਪੀਟਰਜ਼ ਅਕੈਡਮੀ ਤੋਂ ਲਾਪਤਾ ਹੋਈਆਂ ਤਿੰਨ ਨਾਬਾਲਿਗ ਵਿਦਿਆਰਥਣਾਂ ਨੂੰ ਪੁਲਿਸ ਨੇ ਹਰਿਆਣਾ ਦੇ ਪਾਣੀਪਤ ਰੇਲਵੇ ਸਟੇਸ਼ਨ ਤੋਂ ਲੱਭ ਲਿਆ ਹੈ। ਤਿੰਨੋਂ ਲੜਕੀਆਂ ਦੇ ਮਿਲਣ ਨਾਲ ਪਰਿਵਾਰਾਂ ਨੇ ਰਾਹਤ ਦਾ ਸਾਹ ਲਿਆ ਹੈ। ਜਾਣਕਾਰੀ ਮੁਤਾਬਕ ਤਿੰਨੋਂ ਵਿਦਿਆਰਥਣਾਂ ਸਕੂਲ ਵਿੱਚ ਕਰਵਾਏ ਗਏ ਸਮਾਗਮ ਵਿੱਚ ਸ਼ਾਮਲ ਹੋਣ ਲਈ ਗਈਆਂ ਸਨ। ਸਮਾਗਮ ਤੋਂ ਬਾਅਦ ਜਦੋਂ ਉਹ ਘਰ ਨਹੀਂ ਪਹੁੰਚੀਆਂ ਤਾਂ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀ ਭਾਲ ਸ਼ੁਰੂ ਕੀਤੀ। ਇਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।
ਸ਼ਿਕਾਇਤ ਮਿਲਦੇ ਹੀ ਪਟਿਆਲਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਲੜਕੀਆਂ ਦੀ ਭਾਲ ਲਈ ਵੱਖ-ਵੱਖ ਪੁਲਿਸ ਟੀਮਾਂ ਤਾਇਨਾਤ ਕੀਤੀਆਂ ਗਈਆਂ। ਪੁਲਿਸ ਵੱਲੋਂ ਸਕੂਲ ਅਤੇ ਆਸ-ਪਾਸ ਦੇ ਇਲਾਕਿਆਂ ਦੀ CCTV ਫੁਟੇਜ ਸਮੇਤ ਹੋਰ ਸੁਰਾਗਾਂ ਦੀ ਵੀ ਜਾਂਚ ਕੀਤੀ ਗਈ। ਤਾਜ਼ਾ ਜਾਣਕਾਰੀ ਅਨੁਸਾਰ ਤਿੰਨੋਂ ਨਾਬਾਲਿਗ ਲੜਕੀਆਂ ਹਰਿਆਣਾ ਦੇ ਪਾਣੀਪਤ ਰੇਲਵੇ ਸਟੇਸ਼ਨ ਤੋਂ ਬਰਾਮਦ ਕਰ ਲਈਆਂ ਗਈਆਂ ਹਨ। ਪੁਲਿਸ ਵੱਲੋਂ ਲੜਕੀਆਂ ਨੂੰ ਪਟਿਆਲਾ ਲਿਆਉਣ ਅਤੇ ਉਨ੍ਹਾਂ ਦੇ ਬਿਆਨ ਦਰਜ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ। ਪਟਿਆਲਾ ਪੁਲਿਸ ਵੱਲੋਂ ਮਾਮਲੇ ਸਬੰਧੀ ਜਲਦ ਹੀ ਹੋਰ ਵੇਰਵੇ ਸਾਂਝੇ ਕੀਤੇ ਜਾਣ ਦੀ ਸੰਭਾਵਨਾ ਹੈ।





