ਵਿੱਤ ਮੰਤਰੀ ਹਰਪਾਲ ਚੀਮਾ ‘ਤੇ ਮੁਲਾਜ਼ਮਾਂ ਨੂੰ ਐਂਟੀ ਸਟੇਟ ਕਹਿਣ ਦਾ ਦੋਸ਼, ਭੜਕੇ ਕਾਮਿਆਂ ਨੇ ਫੂਕਿਆ ਪੁਤਲਾ

Top Trending News ਪੰਜਾਬ

 

ਵਿੱਤ ਮੰਤਰੀ ਹਰਪਾਲ ਚੀਮਾ ‘ਤੇ ਮੁਲਾਜ਼ਮਾਂ ਨੂੰ ਐਂਟੀ ਸਟੇਟ ਕਹਿਣ ਦਾ ਦੋਸ਼, ਭੜਕੇ ਕਾਮਿਆਂ ਨੇ ਫੂਕਿਆ ਪੁਤਲਾ

ਜਲੰਧਰ, 15 ਅਗਸਤ 2026

ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ (ਪੀਐੱਸਐੱਮਐੱਸਯੂ) ਦੀ ਸੂਬਾ ਪੱਧਰੀ ਐਕਸ਼ਨ ਕਾਲ ਤਹਿਤ ਜ਼ਿਲ੍ਹਾ ਇਕਾਈ ਵੱਲੋਂ ਪੰਜਾਬ ਦੇ ਵਿੱਤ ਮੰਤਰੀ ਵੱਲੋਂ ਸੰਘਰਸ਼ਸ਼ੀਲ ਮੁਲਾਜ਼ਮ ਜਥੇਬੰਦੀਆਂ ਨੂੰ ‘ਐਂਟੀ ਸਟੇਟ’ ਕਹਿਣ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਮੁਲਾਜ਼ਮ ਆਗੂਆਂ ਨੇ ਵਿੱਤ ਮੰਤਰੀ ਦਾ ਪੁਤਲਾ ਫੂਕ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਪੀਐੱਸਐੱਮਐੱਸਯੂ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ ਅਤੇ ਸੂਬਾ ਜਨਰਲ ਸਕੱਤਰ ਤਰਸੇਮ ਸਿੰਘ ਭੱਠਲ ਦੇ ਸੱਦੇ ’ਤੇ ਕੀਤੇ ਇਸ ਪ੍ਰਦਰਸ਼ਨ ਦੌਰਾਨ ਜ਼ਿਲ੍ਹਾ ਜਨਰਲ ਸਕੱਤਰ ਵਿਨੋਦ ਸਾਗਰ, ਚੇਅਰਮੈਨ ਜੋਰਾਵਰ ਸਿੰਘ, ਅਜਮੇਰ ਸਿੰਘ, ਰਿਸ਼ੀ ਕੁਮਾਰ ਸਮੇਤ ਹੋਰ ਆਗੂਆਂ ਨੇ ਕਿਹਾ ਕਿ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਦੇਸ਼ ਵਿਰੋਧੀ ਕਾਰਵਾਈ ਨਹੀਂ, ਸਗੋਂ ਹਰ ਮੁਲਾਜ਼ਮ ਦਾ ਲੋਕਤੰਤਰਿਕ ਅਤੇ ਸੰਵਿਧਾਨਕ ਹੱਕ ਹੈ। ਉਨ੍ਹਾਂ ਵਿੱਤ ਮੰਤਰੀ ਦੇ ਬਿਆਨ ਦੀ ਸਖ਼ਤ ਨਿੰਦਾ ਕਰਦਿਆਂ ਇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ।

ਮੁਲਾਜ਼ਮ ਆਗੂਆਂ ਨੇ 17 ਜੁਲਾਈ 2020 ਦਾ ਪੱਤਰ ਰੱਦ ਕਰਕੇ 31,100 ਰੁਪਏ ਬੇਸਿਕ ਤਨਖਾਹ ਦੇਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਏਸੀਪੀ ਸਕੀਮ ਲਾਗੂ ਕਰਨ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਪੈਨਸ਼ਨਰਾਂ ਨੂੰ 2.59 ਦੇ ਗੁਣਾਂਕ ਦਾ ਲਾਭ, ਪਰਖ ਕਾਲ ਦੌਰਾਨ ਪੂਰੀ ਤਨਖਾਹ, ਬਰਾਬਰ ਕੰਮ ਲਈ ਬਰਾਬਰ ਉਜਰਤ, ਬੰਦ ਭੱਤੇ ਬਹਾਲ ਕਰਨ ਅਤੇ ਡੀਏ ਸਬੰਧੀ ਹਾਈਕੋਰਟ ਦੇ ਫ਼ੈਸਲੇ ਨੂੰ ਲਾਗੂ ਕਰਕੇ ਬਕਾਇਆ ਜਾਰੀ ਕਰਨ ਦੀ ਮੰਗ ਵੀ ਕੀਤੀ ਗਈ। ਇਸ ਮੌਕੇ ਪਵਨ ਕੁਮਾਰ, ਹਰਮਨ, ਜਸਵੰਤ ਸਿੰਘ, ਹਰਭਜਨ ਸਿੰਘ, ਸੁਖਵਿੰਦਰ ਸਿੰਘ, ਅਸ਼ੋਕ ਭਾਰਤੀ, ਸੁਖਜੀਤ ਸਿੰਘ ਅਤੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮ ਹਾਜ਼ਰ ਸਨ।