ਮੰਦਰ ’ਚ ਭਗਦੜ; 7 ਸ਼ਰਧਾਲੂਆਂ ਦੀ ਮੌਤ; ਕਈ ਜ਼ਖ਼ਮੀ

Top Trending News ਰਾਸ਼ਟਰੀ

 

ਮੰਦਰ ’ਚ ਭਗਦੜ; 7 ਸ਼ਰਧਾਲੂਆਂ ਦੀ ਮੌਤ; ਕਈ ਜ਼ਖ਼ਮੀ

ਲਖੀਸਰਾਏ, 17 ਅਗਸਤ 2026

ਬਿਹਾਰ ਦੇ ਲਖੀਸਰਾਏ ਜ਼ਿਲ੍ਹੇ ਵਿੱਚ ਸੋਮਵਾਰ ਸਵੇਰੇ ਪ੍ਰਸਿੱਧ ਅਸ਼ੋਕ ਧਾਮ ਮੰਦਰ ਵਿੱਚ ਵਾਪਰੇ ਹਾਦਸੇ ਨੇ ਹਾਹਾਕਾਰ ਮਚਾ ਦਿੱਤੀ। ਸਾਵਣ ਦੇ ਤੀਜੇ ਸੋਮਵਾਰ ਮੌਕੇ ਮੰਦਰ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚੇ ਹੋਏ ਸਨ। ਇਸ ਦੌਰਾਨ ਅਚਾਨਕ ਭੀੜ ਵਧਣ ਕਾਰਨ ਭਗਦੜ ਮਚ ਗਈ। ਹਾਦਸੇ ਵਿੱਚ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਸ਼ਰਧਾਲੂਆਂ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ।

ਲਖੀਸਰਾਏ ਦੇ ਜ਼ਿਲ੍ਹਾ ਮੈਜਿਸਟ੍ਰੇਟ ਸ਼ੈਲੇਂਦਰ ਕੁਮਾਰ ਮੁਤਾਬਕ ਸੋਮਵਾਰ ਸਵੇਰੇ ਮੰਦਰ ਵਿੱਚ ਸ਼ਰਧਾਲੂਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਸੀ। ਇੱਕ-ਦੂਜੇ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਦੌਰਾਨ ਮੰਦਰ ਦੀ ਬੈਰੀਕੇਡਿੰਗ ਟੁੱਟ ਗਈ, ਜਿਸ ਤੋਂ ਬਾਅਦ ਅਫ਼ਰਾ-ਤਫ਼ਰੀ ਮਚੀ ਅਤੇ ਭਗਦੜ ਦੀ ਸਥਿਤੀ ਬਣ ਗਈ।

ਡੀ.ਐੱਮ ਨੇ ਦੱਸਿਆ ਕਿ ਉਹ ਖੁਦ ਸਵੇਰੇ ਕਰੀਬ 3 ਵਜੇ ਤੋਂ ਮੌਕੇ ’ਤੇ ਮੌਜੂਦ ਸਨ। ਇਸ ਦੌਰਾਨ ਦੋ ਟਰੇਨਾਂ ਦੇ ਇੱਕੋ ਸਮੇਂ ਸਟੇਸ਼ਨ ’ਤੇ ਪਹੁੰਚਣ ਕਾਰਨ ਮੰਦਰ ਵੱਲ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਅਚਾਨਕ ਵਧ ਗਈ। ਸਵੇਰੇ 6:30 ਵਜੇ ਤੋਂ ਬਾਅਦ ਭੀੜ ਹੋਰ ਤੇਜ਼ੀ ਨਾਲ ਵਧਦੀ ਗਈ।

ਹਾਦਸੇ ਤੋਂ ਬਾਅਦ ਮੌਕੇ ’ਤੇ ਮੌਜੂਦ ਲੋਕਾਂ ਨੇ ਤੁਰੰਤ ਹੇਠਾਂ ਦੱਬੇ ਸ਼ਰਧਾਲੂਆਂ ਨੂੰ ਬਾਹਰ ਕੱਢਿਆ। ਮੰਦਰ ਦੇ ਬਾਹਰ ਤਾਇਨਾਤ ਐਂਬੂਲੈਂਸਾਂ ਰਾਹੀਂ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਭੇਜਿਆ ਗਿਆ। ਪ੍ਰਸ਼ਾਸਨ ਵੱਲੋਂ ਹਾਲਾਤ ਨੂੰ ਕਾਬੂ ਕਰਨ ਅਤੇ ਰਾਹਤ ਕਾਰਜ ਜਾਰੀ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।