ਵੱਡੀ ਖ਼ਬਰ: ਦਿੱਲੀ ’ਚ ਧਮਾਕਾ, 2 ਵਿਅਕਤੀਆਂ ਦੀ ਮੌਤ
ਨਵੀਂ ਦਿੱਲੀ, 17 ਅਗਸਤ 2026:
ਰਾਜਧਾਨੀ ਦਿੱਲੀ ਦੇ ਰਘੁਵੀਰ ਨਗਰ ਇਲਾਕੇ ਵਿੱਚ ਸੋਮਵਾਰ ਤੜਕੇ ਇੱਕ ਘਰ ਦੀ ਪਹਿਲੀ ਮੰਜ਼ਿਲ ’ਤੇ ਈ-ਰਿਕਸ਼ਾ ਦੀ ਬੈਟਰੀ ਚਾਰਜਿੰਗ ਦੌਰਾਨ ਧਮਾਕਾ ਹੋਣ ਕਾਰਨ ਅੱਗ ਲੱਗ ਗਈ। ਇਸ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਘਟਨਾ ਸਵੇਰੇ ਕਰੀਬ 4 ਵਜੇ ਵਾਪਰੀ ਦੱਸੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਰਘੁਵੀਰ ਨਗਰ ਸਥਿਤ ਇੱਕ ਇਮਾਰਤ ਦੀ ਪਹਿਲੀ ਮੰਜ਼ਿਲ ’ਤੇ ਈ-ਰਿਕਸ਼ਾ ਦੀ ਬੈਟਰੀ ਚਾਰਜਿੰਗ ਲਈ ਲਗਾਈ ਗਈ ਸੀ। ਇਸ ਦੌਰਾਨ ਅਚਾਨਕ ਬੈਟਰੀ ਵਿੱਚ ਧਮਾਕਾ ਹੋ ਗਿਆ, ਜਿਸ ਤੋਂ ਬਾਅਦ ਘਰ ਵਿੱਚ ਪਿਆ ਸਾਮਾਨ ਅੱਗ ਦੀ ਲਪੇਟ ਵਿੱਚ ਆ ਗਿਆ। ਇਮਾਰਤ ਵਿੱਚ ਗਰਾਊਂਡ ਫਲੋਰ ਤੋਂ ਇਲਾਵਾ ਚਾਰ ਹੋਰ ਮੰਜ਼ਿਲਾਂ ਹਨ।
ਹਾਦਸੇ ਵਿੱਚ ਦੋ ਵਿਅਕਤੀ ਝੁਲਸ ਗਏ। ਦੋਵਾਂ ਨੂੰ ਤੁਰੰਤ ਇਲਾਜ ਲਈ ਗੁਰੂ ਗੋਬਿੰਦ ਸਿੰਘ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾਂ ਦੀ ਪਛਾਣ ਸਫ਼ੈਦ, ਪੁੱਤਰ ਮੁਹੰਮਦ ਨਸੀਬ (ਉਮਰ 17 ਸਾਲ) ਅਤੇ ਮੁਹੰਮਦ ਸਾਮਿਦ ਪੁੱਤਰ ਸ਼ੇਖ ਰਿਦਕੀ (ਉਮਰ 38 ਸਾਲ) ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।





