ਵੱਡੀ ਖ਼ਬਰ: ਸੀਨੀਅਰ ਭਾਜਪਾਈ ਲੀਡਰ ਸ਼ਹਿਜ਼ਾਦ ਪੂਨਾਵਾਲਾ ਨੇ ਦਿੱਤਾ ਅਸਤੀਫ਼ਾ
ਪੂਨਾਵਾਲਾ ਨੇ ਕਿਹਾ- ‘ਲੰਮੇ ਵਿਚਾਰ ਮਗਰੋਂ ਲਿਆ ਅੰਤਿਮ ਫ਼ੈਸਲਾ’
ਨਵੀਂ ਦਿੱਲੀ, 17 ਅਗਸਤ 2026
ਭਾਜਪਾ ਦੇ ਕੌਮੀ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਪਾਰਟੀ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਫ਼ੈਸਲਾ ਉਨ੍ਹਾਂ ਲਈ ਬੇਹੱਦ ਭਾਵੁਕ ਪਲ ਹੈ, ਪਰ ਲੰਮੇ ਵਿਚਾਰ-ਵਟਾਂਦਰੇ ਅਤੇ ਗੰਭੀਰ ਮਨਨ ਤੋਂ ਬਾਅਦ ਉਨ੍ਹਾਂ ਨੇ ਆਪਣਾ ਅੰਤਿਮ ਫ਼ੈਸਲਾ ਲਿਆ ਹੈ।
ਸ਼ਹਿਜ਼ਾਦ ਪੂਨਾਵਾਲਾ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਅਸਤੀਫ਼ਾ ਦੇਣ ਦਾ ਫ਼ੈਸਲਾ ਕੀਤਾ ਤਾਂ ਪਾਰਟੀ ਨੇ ਇਸ ਨੂੰ ਤੁਰੰਤ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਉਨ੍ਹਾਂ ਨੂੰ ਆਪਣੇ ਫ਼ੈਸਲੇ ’ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਉਨ੍ਹਾਂ ਦੇ ਫ਼ੈਸਲੇ ਨੂੰ ਰੋਕਣ ਦੀ ਕੋਸ਼ਿਸ਼ ਉਨ੍ਹਾਂ ਲਈ ਭਾਵੁਕ ਕਰਨ ਵਾਲੀ ਸੀ।
ਹਾਲਾਂਕਿ, ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਗੰਭੀਰ ਵਿਚਾਰ-ਚਰਚਾ ਤੋਂ ਬਾਅਦ ਉਨ੍ਹਾਂ ਨੇ ਆਪਣੇ ਫ਼ੈਸਲੇ ’ਤੇ ਕਾਇਮ ਰਹਿਣ ਦਾ ਫ਼ੈਸਲਾ ਕੀਤਾ ਹੈ। ਪੂਨਾਵਾਲਾ ਨੇ ਕਿਹਾ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਦੇ ਅਹੁਦੇ ਤੋਂ ਮੁਕਤ ਹੋਣਾ ਚਾਹੁੰਦੇ ਹਨ ਅਤੇ ਪਾਰਟੀ ਦੀ ਸਰਗਰਮ ਮੁੱਢਲੀ ਮੈਂਬਰਸ਼ਿਪ ਵੀ ਛੱਡ ਰਹੇ ਹਨ।
ਉਨ੍ਹਾਂ ਦੇ ਅਸਤੀਫ਼ੇ ਨਾਲ ਭਾਜਪਾ ਦੀ ਕੌਮੀ ਪੱਧਰ ਦੀ ਬੁਲਾਰਾ ਟੀਮ ਵਿੱਚ ਵੀ ਬਦਲਾਅ ਆਉਣ ਦੀ ਸੰਭਾਵਨਾ ਹੈ। ਸ਼ਹਿਜ਼ਾਦ ਪੂਨਾਵਾਲਾ ਪਿਛਲੇ ਸਮੇਂ ਦੌਰਾਨ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਖ਼ਿਲਾਫ਼ ਭਾਜਪਾ ਦਾ ਪੱਖ ਜ਼ੋਰਦਾਰ ਢੰਗ ਨਾਲ ਰੱਖਣ ਲਈ ਜਾਣੇ ਜਾਂਦੇ ਰਹੇ ਹਨ। ਉਨ੍ਹਾਂ ਦੇ ਅਸਤੀਫ਼ੇ ਨੂੰ ਲੈ ਕੇ ਸਿਆਸੀ ਹਲਕਿਆਂ ਵਿੱਚ ਚਰਚਾ ਤੇਜ਼ ਹੋ ਗਈ ਹੈ।





