ਫਰੀਦਕੋਟ ਪੁਲਿਸ ਦੀ ਵੱਡੀ ਕਾਰਵਾਈ: 50 ਲੱਖ ਦੀ ਰੰਗਦਾਰੀ ਮੰਗਣ ਵਾਲਾ ਨਾਬਾਲਿਗ ਕਾਬੂ
ਫਰੀਦਕੋਟ, 27 ਅਗਸਤ 2026: ਫਰੀਦਕੋਟ ਜ਼ਿਲ੍ਹਾ ਪੁਲਿਸ ਨੇ ਰੰਗਦਾਰੀ ਦੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਅਹਿਮ ਸਫਲਤਾਵਾਂ ਹਾਸਲ ਕੀਤੀਆਂ ਹਨ। ਐੱਸਐੱਸਪੀ ਗੁਰਬੰਸ ਸਿੰਘ ਬੈਂਸ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਥਾਣਾ ਸਦਰ ਕੋਟਕਪੂਰਾ ਪੁਲਿਸ ਨੇ 50 ਲੱਖ ਰੁਪਏ ਦੀ ਰੰਗਦਾਰੀ ਮੰਗਣ ਦੇ ਮਾਮਲੇ ਵਿੱਚ ਇੱਕ ਨਾਬਾਲਿਗ ਨੂੰ ਕਾਬੂ ਕੀਤਾ ਹੈ, ਜਦਕਿ ਸਾਜ਼ਿਸ਼ ਵਿੱਚ ਸ਼ਾਮਲ ਉਸ ਦੇ ਦੋ ਸਾਥੀਆਂ ਦੀ ਭਾਲ ਜਾਰੀ ਹੈ।
ਐੱਸਐੱਸਪੀ ਮੁਤਾਬਕ ਪਿੰਡ ਔਲਖ ਵਾਸੀ ਰਮਨਦੀਪ ਸਿੰਘ, ਜੋ ਆਪਣੇ ਪਿਤਾ ਅਤੇ ਭਰਾ ਨਾਲ ਕਰਿਆਨਾ ਸਟੋਰ ਤੇ ਦੁੱਧ ਦੀ ਡੇਅਰੀ ਚਲਾਉਂਦਾ ਹੈ, ਨੂੰ 16 ਅਗਸਤ ਦੀ ਰਾਤ ਅੰਤਰਰਾਸ਼ਟਰੀ ਨੰਬਰ ਤੋਂ ਵਟਸਐਪ ਕਾਲ ਆਈ ਸੀ। ਕਾਲ ਕਰਨ ਵਾਲੇ ਨੇ 50 ਲੱਖ ਰੁਪਏ ਦੀ ਰੰਗਦਾਰੀ ਮੰਗਦਿਆਂ ਰਕਮ ਨਾ ਦੇਣ ’ਤੇ ਉਸ ਨੂੰ ਅਤੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਪੁਲਿਸ ਨੇ ਤਕਨੀਕੀ ਜਾਣਕਾਰੀ ਅਤੇ ਮਨੁੱਖੀ ਸੂਚਨਾ ਦੇ ਆਧਾਰ ’ਤੇ ਨਾਬਾਲਿਗ ਨੂੰ ਕਾਬੂ ਕੀਤਾ।






