ਨੀਰਜ ਚੋਪੜਾ ਨੇ ਡਾਇਮੰਡ ਲੀਗ ਫਾਈਨਲ ਲਈ ਪੱਕੀ ਕੀਤੀ ਜਗ੍ਹਾ, 4-5 ਸਤੰਬਰ ਨੂੰ ਸੋਨ ਤਮਗੇ ਲਈ ਲਾਉਣਗੇ ਜ਼ੋਰ

Top Trending News ਖੇਡਾਂ ਰਾਸ਼ਟਰੀ

 

ਨੀਰਜ ਚੋਪੜਾ ਨੇ ਡਾਇਮੰਡ ਲੀਗ ਫਾਈਨਲ ਲਈ ਪੱਕੀ ਕੀਤੀ ਜਗ੍ਹਾ, 4-5 ਸਤੰਬਰ ਨੂੰ ਸੋਨ ਤਮਗੇ ਲਈ ਲਾਉਣਗੇ ਜ਼ੋਰ

ਨਵੀਂ ਦਿੱਲੀ, 28 ਅਗਸਤ 2026

ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਡਾਇਮੰਡ ਲੀਗ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਡਾਇਮੰਡ ਲੀਗ ਫਾਈਨਲ ਮੁਕਾਬਲੇ 4 ਅਤੇ 5 ਸਤੰਬਰ ਨੂੰ ਬ੍ਰਸਲਜ਼ ਵਿੱਚ ਹੋਣਗੇ, ਜਿੱਥੇ ਨੀਰਜ ਚੋਪੜਾ ਸੋਨ ਤਮਗੇ ਲਈ ਆਪਣੀ ਚੁਣੌਤੀ ਪੇਸ਼ ਕਰਨਗੇ।

ਨੀਰਜ 27 ਅਗਸਤ ਨੂੰ ਹੋਈ ਜ਼ਿਊਰਿਖ ਡਾਇਮੰਡ ਲੀਗ ਵਿੱਚ ਹਿੱਸਾ ਨਹੀਂ ਲੈ ਸਕੇ, ਪਰ ਇਸ ਦੇ ਬਾਵਜੂਦ ਉਹ ਡਾਇਮੰਡ ਲੀਗ ਫਾਈਨਲ ਲਈ ਕੁਆਲੀਫਾਈ ਕਰਨ ਵਿੱਚ ਸਫਲ ਰਹੇ। ਉਹ 12 ਅੰਕਾਂ ਨਾਲ ਛੇਵੇਂ ਸਥਾਨ ’ਤੇ ਰਹੇ ਅਤੇ ਇਸੇ ਅਧਾਰ ’ਤੇ ਫਾਈਨਲ ਵਿੱਚ ਥਾਂ ਬਣਾਈ।

ਜ਼ਿਊਰਿਖ ਵਿੱਚ ਸ੍ਰੀਲੰਕਾ ਦੇ ਰੁਮੇਸ਼ ਥਰੰਗਾ ਪਥਿਰਾਗੇ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 92.07 ਮੀਟਰ ਦੀ ਦੂਰੀ ਤੱਕ ਜੈਵਲਿਨ ਸੁੱਟ ਕੇ ਖਿਤਾਬ ਆਪਣੇ ਨਾਂ ਕੀਤਾ। ਇਹ ਉਨ੍ਹਾਂ ਦਾ ਰੋਮ ਡਾਇਮੰਡ ਲੀਗ ਵਿੱਚ ਦਰਜ ਕੀਤੇ 92.62 ਮੀਟਰ ਦੇ ਥ੍ਰੋਅ ਤੋਂ ਬਾਅਦ ਦੂਜਾ ਸਭ ਤੋਂ ਵਧੀਆ ਪ੍ਰਦਰਸ਼ਨ ਰਿਹਾ।

ਨੀਰਜ ਨੇ 21 ਅਗਸਤ ਨੂੰ ਹੋਈ ਲੁਸਾਨੇ ਡਾਇਮੰਡ ਲੀਗ ਵਿੱਚ 88.05 ਮੀਟਰ ਦੇ ਥ੍ਰੋਅ ਨਾਲ ਦੂਜਾ ਸਥਾਨ ਹਾਸਲ ਕੀਤਾ ਸੀ, ਜਦਕਿ ਦੋਹਾ ਡਾਇਮੰਡ ਲੀਗ ਵਿੱਚ ਉਹ ਚੌਥੇ ਸਥਾਨ ’ਤੇ ਰਹੇ ਸਨ। ਹੁਣ ਉਨ੍ਹਾਂ ਦੀਆਂ ਨਜ਼ਰਾਂ ਬ੍ਰਸਲਜ਼ ਫਾਈਨਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਖਿਤਾਬ ਜਿੱਤਣ ’ਤੇ ਹੋਣਗੀਆਂ।