ਕਰਜ਼ੇ ਦੇ ਬੋਝ ਨੇ ਲਈ ਨੌਜਵਾਨ ਕਿਸਾਨ ਦੀ ਜਾਨ, ਪਿੱਛੇ ਛੱਡ ਗਿਆ ਵਿਧਵਾ ਮਾਂ, ਪਤਨੀ ਤੇ ਦੋ ਬੱਚੇ

Top Trending News ਪੰਜਾਬ

 

ਕਰਜ਼ੇ ਦੇ ਬੋਝ ਨੇ ਲਈ ਨੌਜਵਾਨ ਕਿਸਾਨ ਦੀ ਜਾਨ, ਪਿੱਛੇ ਛੱਡ ਗਿਆ ਵਿਧਵਾ ਮਾਂ, ਪਤਨੀ ਤੇ ਦੋ ਬੱਚੇ

ਸੁਨਾਮ ਊਧਮ ਸਿੰਘ ਵਾਲਾ, 28 ਅਗਸਤ 2026: ਨੇੜਲੇ ਪਿੰਡ ਛਾਜਲੀ ਵਿੱਚ ਕਰਜ਼ੇ ਤੋਂ ਪ੍ਰੇਸ਼ਾਨ ਇੱਕ ਨੌਜਵਾਨ ਕਿਸਾਨ ਵੱਲੋਂ ਖੁਦਕੁਸ਼ੀ ਕਰਨ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਹਰਵਿੰਦਰ ਸਿੰਘ (32) ਪੁੱਤਰ ਅਮਰੀਕ ਸਿੰਘ ਵਜੋਂ ਹੋਈ ਹੈ।

ਸਥਾਨਕ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਸਮੇਂ ਥਾਣਾ ਛਾਜਲੀ ਦੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਦੱਸਿਆ ਕਿ ਹਰਵਿੰਦਰ ਸਿੰਘ ਛੋਟਾ ਕਿਸਾਨ ਸੀ ਅਤੇ ਉਸ ਕੋਲ ਆਪਣੀ ਕਰੀਬ ਇੱਕ ਏਕੜ ਜ਼ਮੀਨ ਸੀ। ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਉਹ ਆਪਣੇ ਵਿਦੇਸ਼ ਗਏ ਚਾਚੇ ਦੇ ਲੜਕੇ ਦੀ ਕੁਝ ਜ਼ਮੀਨ ਵੀ ਠੇਕੇ ’ਤੇ ਲੈ ਕੇ ਖੇਤੀ ਕਰਦਾ ਸੀ।

ਪੁਲਿਸ ਅਨੁਸਾਰ ਹਰਵਿੰਦਰ ਸਿੰਘ ਦੇ ਸਿਰ ਕਰੀਬ 9 ਤੋਂ 10 ਲੱਖ ਰੁਪਏ ਦਾ ਸਰਕਾਰੀ ਅਤੇ ਗੈਰ-ਸਰਕਾਰੀ ਕਰਜ਼ਾ ਸੀ। ਪਰਿਵਾਰ ਦੀ ਆਰਥਿਕ ਤੰਗੀ ਕਾਰਨ ਉਹ ਕਰਜ਼ਾ ਮੋੜਨ ਵਿੱਚ ਅਸਮਰੱਥ ਹੋ ਰਿਹਾ ਸੀ ਅਤੇ ਇਸੇ ਕਾਰਨ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ। ਇਸ ਦੌਰਾਨ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਪੁਲਿਸ ਨੇ ਮ੍ਰਿਤਕ ਦੀ ਪਤਨੀ ਕਰਮਜੀਤ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਬੀਐੱਨਐੱਸ ਦੀ ਧਾਰਾ 194 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਰਵਿੰਦਰ ਸਿੰਘ ਆਪਣੇ ਪਿੱਛੇ ਵਿਧਵਾ ਮਾਂ, ਪਤਨੀ, 10 ਸਾਲਾ ਧੀ ਅਤੇ 7 ਸਾਲਾ ਪੁੱਤਰ ਛੱਡ ਗਿਆ ਹੈ।