- CM ਮਾਨ ਕਰਨਗੇ ਬਠਿੰਡਾ ਵਿਖੇ 5 ਸਤੰਬਰ ਨੂੰ ‘ਖੇਡਾਂ ਵਤਨ ਪੰਜਾਬ ਦੀਆਂ-2026’ ਦਾ ਆਗਾਜ਼
- ਅੰਤਰਰਾਸ਼ਟਰੀ, ਰਾਸ਼ਟਰੀ ਪੱਧਰ ਦੇ ਖਿਡਾਰੀ ਬਣਨਗੇ ਸਮਾਗਮ ਦਾ ਹਿੱਸਾ
- ਗੁਰਦਾਸ ਮਾਨ ਤੇ ਕੁਲਵਿੰਦਰ ਬਿੱਲਾ ਬਠਿੰਡਾ ’ਚ ਖੇਡਾਂ ਦੇ ਉਦਘਾਟਨੀ ਸਮਾਗਮ ’ਚ ਲਾਉਣਗੇ ਰੌਣਕ
- ਸਕੂਲੀ ਵਿਦਿਆਰਥੀਆਂ ਵੱਲੋਂ ਪੇਸ਼ ਕੀਤਾ ਜਾਵੇ ਸੱਭਿਆਚਾਰਕ ਪ੍ਰੋਗਰਾਮ
ਬਠਿੰਡਾ, 28 ਅਗਸਤ (ਦੇਸ਼ ਕਲਿੱਕ ਬਿਊਰੋ): ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ 5 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਸਟੇਡੀਅਮ ਬਠਿੰਡਾ ਵਿਖੇ “ਖੇਡਾਂ ਵਤਨ ਪੰਜਾਬ ਦੀਆਂ 2026” ਦਾ ਆਗਾਜ਼ ਕਰਨਗੇ। ਸੂਬੇ ਚ ਸਭਿਆਚਾਰ ਨੂੰ ਮੁੜ ਸੁਰਜੀਤ ਕਰਨ ਵਾਲੀ ਖੇਡਾਂ ਵਤਨ ਪੰਜਾਬ ਦੀਆਂ ਚ 16 ਤੋਂ ਘੱਟ ਅਤੇ 60 ਸਾਲ ਤੋਂ ਵੱਧ ਉਮਰ ਦੇ ਖਿਡਾਰੀ ਭਾਗ ਲੈ ਰਹੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਬਠਿੰਡਾ ਸ੍ਰੀ ਰਾਜੇਸ਼ ਧੀਮਾਨ ਨੇ ਖੇਡਾਂ ਦੇ ਪ੍ਰਬੰਧਾਂ ਅਤੇ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸੱਦੀ ਵਿਸ਼ੇਸ਼ ਮੀਟਿੰਗ ਦੌਰਾਨ ਸਾਂਝੀ ਕੀਤੀ। ਇਸ ਮੌਕੇ ਉਨ੍ਹਾਂ ਖੇਡਾਂ ਵਤਨ ਪੰਜਾਬ ਦੀਆਂ 2026 ਚ ਭਾਗ ਲੈਣ ਸਬੰਧੀ ਕਿਊ.ਆਰ ਕੋਡ ਵੀ ਜਾਰੀ ਕੀਤਾ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਵਾਰ ਜ਼ਿਲ੍ਹਾ ਬਠਿੰਡਾ ਨੂੰ ‘ਖੇਡਾਂ ਵਤਨ ਪੰਜਾਬ ਦੀਆਂ-2026’ ਦੀ ਮੇਜ਼ਬਾਨੀ ਦਾ ਮਾਣ ਹਾਸਲ ਹੋਇਆ ਹੈ। ਉਦਘਾਟਨੀ ਸਮਾਗਮ ਨੂੰ ਯਾਦਗਾਰ ਬਣਾਉਣ ਲਈ ਵਿਆਪਕ ਪੱਧਰ ’ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸਮਾਗਮ ਦੌਰਾਨ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ’ਤੇ ਪੰਜਾਬ ਦਾ ਨਾਂ ਰੌਸ਼ਨ ਕਰਨ ਵਾਲੇ ਖਿਡਾਰੀ ਵਿਸ਼ੇਸ਼ ਮਾਰਚ ਪਾਸਟ ਵਿੱਚ ਸ਼ਾਮਲ ਹੋਣਗੇ। ਇਸ ਮੌਕੇ ਖੇਡ ਜਗਤ ਨਾਲ ਜੁੜੀਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਖਿਡਾਰੀਆਂ ਦੀ ਸ਼ਮੂਲੀਅਤ ਵੀ ਖਿੱਚ ਦਾ ਕੇਂਦਰ ਰਹੇਗੀ।
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਾਇਕ ਗੁਰਦਾਸ ਮਾਨ ਅਤੇ ਗਾਇਕ ਕੁਲਵਿੰਦਰ ਬਿੱਲਾ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ। ਸ੍ਰੀ ਧੀਮਾਨ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਦਘਾਟਨੀ ਸਮਾਗਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਾਰੇ ਪ੍ਰਬੰਧ ਸਮੇਂ ਸਿਰ ਮੁਕੰਮਲ ਕੀਤੇ ਜਾਣ ਅਤੇ ਖਿਡਾਰੀਆਂ ਤੇ ਦਰਸ਼ਕਾਂ ਦੀ ਸਹੂਲਤ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾਵੇ।
ਉਨ੍ਹਾਂ ਪੁਲਿਸ ਨੂੰ ਹਿਦਾਇਤ ਕੀਤੀ ਸਮਾਗਮ ਚ ਭਾਗ ਲੈਣ ਵਾਲੇ ਮਹਿਮਾਨਾਂ, ਆਮ ਜਨਤਾ ਅਤੇ ਖਿਡਾਰੀਆਂ ਲਈ ਪਾਰਕਿੰਗ, ਟ੍ਰੈਫਿਕ ਅਤੇ ਸੁਰੱਖਿਆ ਸਬੰਧੀ ਢੁਕਵੇਂ ਪ੍ਰਬੰਧ ਕੀਤੇ ਜਾਣ । ਨਾਲ ਹੀ ਉਨ੍ਹਾਂ ਸਕੂਲੀ ਸਿੱਖਿਆ ਵਿਭਾਗ ਨੂੰ ਹਿਦਾਇਤ ਕੀਤੀ ਕਿ ਸਮਾਗਮ ਸੱਭਿਆਚਾਰਕ ਵੰਨਗੀਆਂ ਪੇਸ਼ ਕਰਨ ਵਾਲੇ ਵਿਦਿਆਰਥੀਆਂ ਲਈ ਪਾਣੀ, ਰਿਫਰੈਸ਼ਮੈਂਟ ਆਵਾਜਾਈ ਸਬੰਧੀ ਵੀ ਢੁਕਵੇਂ ਪ੍ਰਬੰਧ ਕੀਤੇ ਜਾਣ। ਨਗਰ ਨਿਗਮ ਬਠਿੰਡਾ ਨੂੰ ਹਿਦਾਇਤ ਕੀਤੀ ਗਈ ਕਿ ਸਟੇਡੀਅਮ ਅਤੇ ਉਸੇ ਦੇ ਆਸ ਪਾਸ ਸਫਾਈ ਦਾ ਖਾਸ ਖਿਆਲ ਰੱਖਿਆ ਜਾਵੇ।
ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਕੰਚਨ, ਸਹਾਇਕ ਕਮਿਸ਼ਨਰ ਸ੍ਰੀ ਗੁਰਜਿੰਦਰ ਸਿੰਘ, ਉਪ ਮੰਡਲ ਮੈਜਿਸਟ੍ਰੇਟ ਉਪ ਮੰਡਲ ਮੈਜਿਸਟ੍ਰੇਟ ਫੂਲ ਸ. ਬਲਕਰਨ ਸਿੰਘ ਮਾਹਲ, ਐਸ ਪੀ ਹੈਡਕੁਆਰਟਰ ਸ਼੍ਰੀ ਜਗਦੀਸ਼ ਬਿਸ਼ਨੋਈ, ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਰੁਪਿੰਦਰ ਸਿੰਘ, ਡੀ ਐੱਸ ਪੀ ਗੁਰਪ੍ਰੀਤ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਆਦਿ ਹਾਜ਼ਰ ਸਨ।






