- ਮੈਂ ਲੋਕਾਂ ਦਾ ਪੈਸਾ ਲੋਕਾਂ ’ਤੇ ਖਰਚ ਰਿਹਾ ਹਾਂ, ਪਰ ਤਕਲੀਫ਼ ਵਿਰੋਧੀਆਂ ਨੂੰ ਹੋ ਰਹੀ ਹੈ – ਮੁੱਖ ਮੰਤਰੀ ਭਗਵੰਤ ਸਿੰਘ ਮਾਨ
- ਸੱਤਾ ਵਿੱਚ ਆਉਣ ‘ਤੇ ਵਿਰੋਧੀ ਪਾਰਟੀਆਂ ਸਤਿਕਾਰ ਯੋਜਨਾ ਸਮੇਤ ਸਾਰੀਆਂ ਸਕੀਮਾਂ ਬੰਦ ਕਰਨ ਦੀਆਂ ਧਮਕੀਆਂ ਦੇ ਰਹੀਆਂ ਹਨ-ਮੁੱਖ ਮੰਤਰੀ ਭਗਵੰਤ ਸਿੰਘ ਮਾਨ
- ਲੋਕਾਂ ਨੂੰ ਚੰਗੇ ਸਕੂਲ, ਹਸਪਤਾਲ ਅਤੇ ਮੁਫ਼ਤ ਬਿਜਲੀ ਦੇਣ ‘ਤੇ ਵਿਰੋਧੀਆਂ ਨੂੰ ਤਕਲੀਫ਼ ਕਿਉਂ ਹੈ? ਮੁੱਖ ਮੰਤਰੀ ਭਗਵੰਤ ਸਿੰਘ ਮਾਨ
- ਪੰਜਾਬ ਦੇ ਲੋਕ ਨਾ ਤਾਂ ਉਨ੍ਹਾਂ ਨੂੰ ਦੂਜਾ ਮੌਕਾ ਦੇਣਗੇ ਅਤੇ ਨਾ ਹੀ ਸਾਡੀ ਕੋਈ ਸਕੀਮ ਕਦੇ ਬੰਦ ਹੋਵੇਗੀ-ਮੁੱਖ ਮੰਤਰੀ ਭਗਵੰਤ ਸਿੰਘ ਮਾਨ
- ਅਕਾਲੀ ਦਲ ਨੇ ਪਹਿਲਾਂ ਖੇਤੀ ਕਾਨੂੰਨਾਂ ਦਾ ਸਮਰਥਨ ਕੀਤਾ ਅਤੇ ਫਿਰ ਲੋਕਾਂ ਦਾ ਗੁੱਸਾ ਵੇਖ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ-ਮੁੱਖ ਮੰਤਰੀ ਭਗਵੰਤ ਸਿੰਘ ਮਾਨ
- ਪਿਛਲੇ 70 ਸਾਲਾਂ ਵਿੱਚ ਸਰਕਾਰਾਂ ਕਈ ਵਾਰ ਬਦਲੀਆਂ, ਪਰ ਪੰਜਾਬ ਦੇ ਲੋਕਾਂ ਦੀ ਤਕਦੀਰ ਨਹੀਂ ਬਦਲੀ-ਮੁੱਖ ਮੰਤਰੀ ਭਗਵੰਤ ਸਿੰਘ ਮਾਨ
- ਪੰਜਾਬ ‘ਤੇ 25 ਸਾਲ ਰਾਜ ਕਰਨ ਦੇ ਦਾਅਵੇ ਕਰਨ ਵਾਲੇ ਅਕਾਲੀ ਦਲ ਨਾਲ ਅੱਜ 25 ਬੰਦੇ ਵੀ ਨਹੀਂ ਹਨ-ਮੁੱਖ ਮੰਤਰੀ ਭਗਵੰਤ ਸਿੰਘ ਮਾਨ
- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਮੋਹਾਲੀ ਦੇ ਪਿੰਡ ਬੜਮਾਜਰਾ ਦੇ ਵਿਕਾਸ ਲਈ 50 ਲੱਖ ਰੁਪਏ ਦਿੱਤੇ
ਮੋਹਾਲੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 28 ਅਗਸਤ (ਦੇਸ਼ ਕਲਿੱਕ ਬਿਊਰੋ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਲੋਕ ਭਲਾਈ ਅਤੇ ਵਿਕਾਸ ਕਾਰਜਾਂ ਦੀ ਮੁਖਾਲਫ਼ਤ ਕਰਨ ’ਤੇ ਵਿਰੋਧੀ ਪਾਰਟੀਆਂ ਉੱਤੇ ਤਿੱਖਾ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਜਿਹੜੀਆਂ ਸਕੀਮਾਂ ਲੋਕਾਂ ਨੂੰ ਮੁਫ਼ਤ ਬਿਜਲੀ, ਵਧੀਆ ਸਿੱਖਿਆ, ਸਿਹਤ ਸੰਭਾਲ ਅਤੇ ਵਿਕਾਸ ਦੇ ਰਹੀਆਂ ਹਨ, ਉਹ ਹੁਣ ਇਨ੍ਹਾਂ ਲੋਕਾਂ ਨੂੰ ਤਕਲੀਫ ਦੇ ਰਹੀਆਂ ਹਨ ਜੋ ਖੁਦ ਦਹਾਕਿਆਂ ਤੱਕ ਸੱਤਾ ਵਿੱਚ ਰਹੇ। ਮੋਹਾਲੀ ਦੇ ਪਿੰਡ ਬੜਮਾਜਰਾ ਵਿਖੇ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਉਨ੍ਹਾਂ ਕਿਹਾ ਕਿ ਪਿਛਲੇ 70 ਸਾਲਾਂ ਦੌਰਾਨ ਸਰਕਾਰਾਂ ਵਾਰ-ਵਾਰ ਬਦਲੀਆਂ, ਪਰ ਪੰਜਾਬ ਦੇ ਲੋਕਾਂ ਦੀ ਤਕਦੀਰ ਨਹੀਂ ਬਦਲੀ, ਜਦਕਿ ਉਨ੍ਹਾਂ ਦੀ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਲੋਕਾਂ ਦਾ ਪੈਸਾ ਹੁਣ ਸਿੱਧਾ ਲੋਕਾਂ ਦੇ ਭਲੇ ਲਈ ਖਰਚਿਆ ਜਾਵੇ। ਉਨ੍ਹਾਂ ਕਿਹਾ ਕਿ ਸੱਤਾ ਵਿੱਚ ਵਾਪਸੀ ਤੋਂ ਬਾਅਦ ਕਲਿਆਣਕਾਰੀ ਸਕੀਮਾਂ ਨੂੰ ਬੰਦ ਕਰਨ ਦੀਆਂ ਵਿਰੋਧੀਆਂ ਦੀਆਂ ਧਮਕੀਆਂ ਸਫ਼ਲ ਨਹੀਂ ਹੋਣਗੀਆਂ, ਕਿਉਂਕਿ ਪੰਜਾਬ ਦੇ ਲੋਕ ਨਾ ਤਾਂ ਉਨ੍ਹਾਂ ਨੂੰ ਦੂਜਾ ਮੌਕਾ ਦੇਣਗੇ ਅਤੇ ਨਾ ਹੀ ਲੋਕ ਭਲਾਈ ਦੀਆਂ ਸਕੀਮਾਂ ਬੰਦ ਹੋਣ ਦੇਣਗੇ।
ਆਪਣੇ ਐਕਸ ‘ਤੇ ਕੁਝ ਅੰਸ਼ ਸਾਂਝੇ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ: “ਮੋਹਾਲੀ ਦੇ ਪਿੰਡ ਬੜਮਾਜਰਾ ਵਿਖੇ ਲੋਕ ਮਿਲਣੀ ਦੌਰਾਨ ਤੁਹਾਡੇ ਤੋਂ ਜੋ ਪਿਆਰ ਅਤੇ ਵਿਸ਼ਵਾਸ ਮਿਲਿਆ ਹੈ, ਉਹ ਮੇਰੇ ਲਈ ਬਹੁਤ ਵੱਡੀ ਤਾਕਤ ਹੈ। ਮੈਂ ਹਮੇਸ਼ਾ ਕਿਹਾ ਹੈ ਕਿ ਸਰਕਾਰ ਕੁਰਸੀ ਲਈ ਨਹੀਂ, ਸਗੋਂ ਲੋਕਾਂ ਦੀ ਸਿਹਤ, ਸਿੱਖਿਆ, ਰੋਜ਼ਗਾਰ ਅਤੇ ਵਿਕਾਸ ਲਈ ਹੁੰਦੀ ਹੈ। ਅੱਜ ਪੰਜਾਬ ਨੇ ਸਿੱਖਿਆ ਦੇ ਖੇਤਰ ਵਿੱਚ ਵੱਡਾ ਬਦਲਾਅ ਦੇਖਿਆ ਹੈ। ਸਰਕਾਰੀ ਸਕੂਲਾਂ ਦੇ ਨੀਟ ਕਲੀਅਰ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ 2021 ਵਿੱਚ 80 ਤੋਂ ਵੱਧ ਕੇ ਹੁਣ 882 ਹੋ ਗਈ ਹੈ। ਪੰਜਾਬ ਦੇ 90% ਘਰਾਂ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ ਅਤੇ 42 ਲੱਖ ਪਰਿਵਾਰਾਂ ਦੇ ਸਿਹਤ ਯੋਜਨਾ ਕਾਰਡ ਬਣਾਏ ਗਏ ਹਨ।”
ਉਨ੍ਹਾਂ ਅੱਗੇ ਕਿਹਾ, “ਅੱਜ ਬੜਮਾਜਰਾ ਦੇ ਵਿਕਾਸ ਲਈ 50 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ ਹੈ, ਜਦਕਿ ਪਿੰਡ ਵਿੱਚ ਲਗਭਗ 1.5 ਕਰੋੜ ਰੁਪਏ ਦੇ ਵਿਕਾਸ ਕਾਰਜ ਪਹਿਲਾਂ ਹੀ ਚੱਲ ਰਹੇ ਹਨ। ਇਹ ਤੁਹਾਡੇ ਟੈਕਸ ਦਾ ਪੈਸਾ ਹੈ ਅਤੇ ਇਹ ਤੁਹਾਡੇ ‘ਤੇ ਹੀ ਖਰਚਿਆ ਜਾ ਰਹਾ ਹੈ। ਇਹੋ ਫਰਕ ਹੈ: ਅਸੀਂ ਲੋਕਾਂ ਦੀ ਗੱਲ ਕਰਦੇ ਹਾਂ, ਸਿਰਫ਼ ਕੁਰਸੀ ਦੀ ਨਹੀਂ। ਤੁਹਾਡਾ ਪਿਆਰ ਇਵੇਂ ਹੀ ਬਣਿਆ ਰਹੇ ਅਤੇ ਪੰਜਾਬ ਦਿਨ-ਦੁਗਣੀ ਰਾਤ-ਚੌਗਣੀ ਤਰੱਕੀ ਕਰਦਾ ਰਹੇ। ਇਨਕਲਾਬ ਜ਼ਿੰਦਾਬਾਦ।”
ਲੋਕ ਮਿਲਣੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਰਵਾਇਤੀ ਪਾਰਟੀਆਂ ਦੇ ਵਾਰੋ-ਵਾਰੀ ਸੱਤਾ ਵਿੱਚ ਆਉਣ ਅਤੇ ਇਕ-ਦੂਜੇ ਦੇ ਗਲਤ ਕੰਮਾਂ ‘ਤੇ ਪਰਦਾ ਪਾਉਣ ਦਾ ਦੌਰ ਹੁਣ ਖਤਮ ਹੋ ਗਿਆ ਹੈ, ਕਿਉਂਕਿ ਲੋਕਾਂ ਨੇ ਹੁਣ ‘ਆਪ’ ਨੂੰ ਸੂਬੇ ਦੀ ਨੁਹਾਰ ਬਦਲਣ ਦੀ ਜ਼ਿੰਮੇਵਾਰੀ ਸੌਂਪੀ ਹੈ। ਪੰਜਾਬ ਦੇ ਸੂਝਵਾਨ ਲੋਕ ਕਾਂਗਰਸ, ਅਕਾਲੀਆਂ ਅਤੇ ਭਾਜਪਾ ਨੂੰ ਉਨ੍ਹਾਂ ਦੇ ਪੰਜਾਬ ਵਿਰੋਧੀ ਰੋਲ ਲਈ ਕਦੇ ਮਾਫ਼ ਨਹੀਂ ਕਰਨਗੇ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਰਾਜਨੀਤਿਕ ਗੁਮਨਾਮੀ ਵਿੱਚ ਭੇਜ ਦਿੱਤਾ ਜਾਵੇਗਾ।”
ਉਨ੍ਹਾਂ ਅੱਗੇ ਕਿਹਾ, “ਇਨ੍ਹਾਂ ਲੋਕਾਂ ਨੇ ਆਪਣੇ ਰਾਜ ਦੌਰਾਨ ਹਮੇਸ਼ਾ ਇੱਕ-ਦੂਜੇ ਦੇ ਹਿੱਤਾਂ ਦੀ ਰਾਖੀ ਕੀਤੀ ਹੈ। ਉਹ ਦਿਨ ਗਏ ਜਦੋਂ ਇਹ ਪਾਰਟੀਆਂ ‘ਉੱਤਰ ਕਾਟੋ, ਮੈਂ ਚੜ੍ਹਾਂ’ ਦੀ ਖੇਡ ਖੇਡਦੀਆਂ ਸਨ ਅਤੇ ਸੱਤਾ ਦੀ ਆਪਣੀ ਵਾਰੀ ਦਾ ਇੰਤਜ਼ਾਰ ਕਰਦੀਆਂ ਸਨ। ਉਨ੍ਹਾਂ ਨੇ ਸੱਤਾ ਦੇ ਦਿਨਾਂ ਵਿੱਚ ਇੱਕ ਦੂਜੇ ਦੇ ਹਿੱਤਾਂ ਦੀ ਰਾਖੀ ਕੀਤੀ, ਜਿਸ ਕਾਰਨ ਉਨ੍ਹਾਂ ਦੇ ਕਰਤੂਤਾਂ ਕਦੇ ਸਾਹਮਣੇ ਨਹੀਂ ਆਈਆਂ।”
ਮੁੱਖ ਮੰਤਰੀ ਨੇ ਕਿਹਾ, “ਹੁਣ ਲੋਕਾਂ ਨੇ ‘ਆਪ’ ਨੂੰ ਚੁਣਿਆ ਹੈ ਅਤੇ ਇਸ ਪਾਰਟੀ ਦਾ ਚੋਣ ਨਿਸ਼ਾਨ ਝਾੜੂ ਸੂਬੇ ਦੀ ਸਿਆਸੀ ਵਿਵਸਥਾ ਦੀ ਸਫ਼ਾਈ ਕਰ ਰਿਹਾ ਹੈ। ਉਹ ਦਿਨ ਦੂਰ ਨਹੀਂ, ਜਦੋਂ ਅਕਾਲੀ ਆਪਣੇ ਗੁਨਾਹਾਂ ਦੀ ਸਜ਼ਾ ਭੁਗਤਣ ਲਈ ਜੇਲ੍ਹ ਦੀਆਂ ਸੀਖਾਂ ਪਿੱਛੇ ਹੋਣਗੇ।”
ਨਸ਼ਿਆਂ ਦੀ ਅਲਾਮਤ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਰਵਾਇਤੀ ਸਿਆਸੀ ਪਾਰਟੀਆਂ ਨੇ ਪੰਜਾਬ ਦੀ ਜਵਾਨੀ ਦਾ ਨਾ ਪੂਰਿਆ ਜਾਣ ਵਾਲਾ ਨੁਕਸਾਨ ਕੀਤਾ ਹੈ। ਲੋਕ ਜਾਣਦੇ ਹਨ ਕਿ ਨਸ਼ੇ ਦੇ ਵਪਾਰ ਰਾਹੀਂ ਹਜ਼ਾਰਾਂ ਨੌਜਵਾਨਾਂ ਦੇ ਸਿਵੇ ਬਾਲਣ ਲਈ ਕੌਣ ਜ਼ਿੰਮੇਵਾਰ ਹੈ। ਜੇਕਰ ਇਹ ਪਾਰਟੀਆਂ ਮੁੜ ਸੱਤਾ ਵਿੱਚ ਆਉਂਦੀਆਂ ਹਨ ਤਾਂ ਇਹ ਪੰਜਾਬ ਅਤੇ ਇਸ ਦੇ ਲੋਕਾਂ ਦਾ ਸ਼ੋਸ਼ਣ ਕਰਨ ਲਈ ਇੱਕ ਵਾਰ ਫਿਰ ਤਾਕਤ ਦੀ ਦੁਰਵਰਤੋਂ ਕਰਨਗੀਆਂ।”
ਅਕਾਲੀ ਦਲ ਦੇ ਆਗੂ ਸੁਖਬੀਰ ਬਾਦਲ ‘ਤੇ ਵਰ੍ਹਦਿਆਂ ਉਨ੍ਹਾਂ ਕਿਹਾ, “ਸੁਖਬੀਰ ਬਾਦਲ ਜ਼ਮੀਨੀ ਹਕੀਕਤਾਂ ਤੋਂ ਅਣਜਾਣ ਹਨ ਕਿਉਂਕਿ ਉਨ੍ਹਾਂ ਨੇ ਉਮਰ ਭਰ ਐਸ਼ੋ-ਆਰਾਮ ਅਤੇ ਸੁਰੱਖਿਅਤ ਮਾਹੌਲ ਵਿੱਚ ਸਮਾਂ ਬਿਤਾਇਆ ਹੈ। ਉਹ ਪੰਜਾਬ ਦੇ ਇੱਕ ਕਾਨਵੈਂਟ ਸਕੂਲ ਦੇ ਪੜ੍ਹੇ-ਲਿਖੇ ਸਿਆਸੀ ਨੇਤਾ ਹਨ, ਜਿਨ੍ਹਾਂ ਨੂੰ ਸੂਬੇ ਦੀ ਭੂਗੋਲਿਕ ਸਥਿਤੀ ਦੀ ਬੁਨਿਆਦੀ ਸਮਝ ਵੀ ਨਹੀਂ ਹੈ, ਪਰ ਉਹ ਪੰਜਾਬ ਵਿੱਚ ਰਾਜਨੀਤਿਕ ਸੱਤਾ ਹਾਸਲ ਕਰਨਾ ਚਾਹੁੰਦੇ ਹਨ। ਬਾਕੀ ਸਭ ਛੱਡੋ, ਪੰਜਾਬ ਦੇ ਇਸ ਸਾਬਕਾ ਉਪ ਮੁੱਖ ਮੰਤਰੀ ਨੂੰ ਸੂਬੇ ਦੀਆਂ ਮੂਲ ਫ਼ਸਲਾਂ ਵਿੱਚ ਵੀ ਫਰਕ ਨਹੀਂ ਪਤਾ, ਕਿਉਂਕਿ ਉਨ੍ਹਾਂ ਨੂੰ ਬੁਨਿਆਦੀ ਮੁੱਦਿਆਂ ਦੀ ਬਹੁਤ ਘੱਟ ਜਾਣਕਾਰੀ ਹੈ।”
ਮੁੱਖ ਮੰਤਰੀ ਨੇ ਕਿਹਾ, “ਅਕਾਲੀਆਂ ਨੇ ਨਸ਼ੇ ਦੇ ਵਪਾਰ ਨੂੰ ਸਰਪ੍ਰਸਤੀ ਦੇ ਕੇ ਪੰਜਾਬ ਦੀਆਂ ਪੀੜ੍ਹੀਆਂ ਦਾ ਘਾਣ ਕੀਤਾ ਹੈ। ਉਨ੍ਹਾਂ ਨੇ ਨਾ ਸਿਰਫ਼ ਨਸ਼ੇ ਦੇ ਵਪਾਰ ਦੀ ਸਰਪ੍ਰਸਤੀ ਕੀਤੀ, ਸਗੋਂ ਰਿਪੋਰਟਾਂ ਅਨੁਸਾਰ ਨਸ਼ਾ ਵੇਚਣ ਜਾਂ ਵੰਡਣ ਲਈ ਸਰਕਾਰੀ ਵਾਹਨਾਂ ਦੀ ਵਰਤੋਂ ਵੀ ਕੀਤੀ। ਉਨ੍ਹਾਂ ਨੇ ਆਪਣੇ ਨਿੱਜੀ ਹਿੱਤਾਂ ਲਈ ਧਰਮ ਦੀ ਵਰਤੋਂ ਕਰਕੇ ਹਰ ਆਮ ਆਦਮੀ ਦੀ ਮਾਨਸਿਕਤਾ ਨੂੰ ਠੇਸ ਪਹੁੰਚਾਈ ਹੈ, ਜੋ ਕਿ ਇੱਕ ਨਾ-ਮਾਫ਼ੀਯੋਗ ਗੁਨਾਹ ਹੈ।”
ਅਕਾਲੀ ਦਲ ਵੱਲੋਂ ਭਾਜਪਾ ਨਾਲ ਦੁਬਾਰਾ ਸਾਂਝ ਪਾਉਣ ਦੀਆਂ ਕੋਸ਼ਿਸ਼ਾਂ ‘ਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਸੱਤਾ ਦੀ ਭੁੱਖ ਮਿਟਾਉਣ ਲਈ ਅਕਾਲੀ ਦਲ ਹੁਣ ਭਾਜਪਾ ਨਾਲ ਗਠਜੋੜ ਲਈ ਤਰਲੇ ਮਾਰ ਰਿਹਾ ਹੈ, ਜਿਸ ਦੇ ਹੱਥ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਰੋਸ ਪ੍ਰਦਰਸ਼ਨ ਦੌਰਾਨ ਸ਼ਹੀਦ ਹੋਏ 700 ਤੋਂ ਵੱਧ ਕਿਸਾਨਾਂ ਦੇ ਖੂਨ ਨਾਲ ਰੰਗੇ ਹੋਏ ਹਨ। ਅਕਾਲੀ-ਭਾਜਪਾ ਗਠਜੋੜ ਕਿਸੇ ਵਿਚਾਰਧਾਰਾ ਜਾਂ ਲੋਕ ਭਲਾਈ ਲਈ ਨਹੀਂ, ਸਗੋਂ ਸਿਰਫ਼ ਸੂਬੇ ‘ਤੇ ਸੱਤਾ ਹਥਿਆਉਣ ਦੇ ਮਕਸਦ ਨਾਲ ਕੀਤਾ ਜਾ ਰਿਹਾ ਹੈ।”
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕ ਰਵਾਇਤੀ ਪਾਰਟੀਆਂ ਦੀਆਂ ਸਿਆਸੀ ਚਾਲਾਂ ਤੋਂ ਗੁੰਮਰਾਹ ਨਹੀਂ ਹੋਣਗੇ ਅਤੇ ਉਨ੍ਹਾਂ ਨੂੰ ਸਬਕ ਸਿਖਾਉਣਗੇ।
ਅਕਾਲੀ ਦਲ ‘ਤੇ ਤਿੱਖਾ ਹਮਲਾ ਬੋਲਦਿਆਂ ਉਨ੍ਹਾਂ ਕਿਹਾ, “ਅਕਾਲੀ ਆਗੂ ਹਮੇਸ਼ਾ ਪੰਜਾਬੀਆਂ ਜਾਂ ਪੰਜਾਬ ਦੇ ਹਿੱਤਾਂ ਦੀ ਬਜਾਏ ਆਪਣੇ ਹਿੱਤਾਂ ਦੀ ਚਿੰਤਾ ਕਰਦੇ ਹਨ, ਜਦਕਿ ‘ਆਪ’ ਸਿਰਫ਼ ਪੰਜਾਬ ਲਈ ਵਚਨਬੱਧ ਹੈ। ਉਨ੍ਹਾਂ ਨੇ ਆਪਣੇ ਸੱਤਾ ਦੇ ਦਿਨਾਂ ਦੌਰਾਨ ਸੂਬੇ ਦੀ ਦੌਲਤ ਨੂੰ ਬੇਰਹਿਮੀ ਨਾਲ ਲੁੱਟਿਆ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕਿਆ।”
ਅਕਾਲੀ ਲੀਡਰਸ਼ਿਪ ‘ਤੇ ਤਨਜ਼ ਕੱਸਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਜੇਕਰ ਪ੍ਰਧਾਨ ਮੰਤਰੀ ਅਕਾਲੀ ਆਗੂਆਂ ਦਾ ਹਾਲ-ਚਾਲ ਪੁੱਛਣ ਲਈ ਫੋਨ ਵੀ ਕਰਦੇ ਹਨ, ਤਾਂ ਉਹ ਪੰਜਾਬ ਨੂੰ ਲੁੱਟਣ ਲਈ ਦਿੱਲੀ ਨਾਲ ਗਠਜੋੜ ਕਰਨ ਦੇ ਸੁਪਨੇ ਦੇਖਣ ਲੱਗ ਪੈਂਦੇ ਹਨ।”
ਕਾਂਗਰਸ ਦੀ ਅੰਦਰੂਨੀ ਫੁੱਟ ‘ਤੇ ਚੁਟਕੀ ਲੈਂਦਿਆਂ ਉਨ੍ਹਾਂ ਕਿਹਾ, “ਉਹ ਆਪਣੇ ਨਿੱਜੀ ਸਿਆਸੀ ਹਿੱਤਾਂ ਲਈ ਸੱਤਾ ਖਾਤਰ ਆਪਸ ਵਿੱਚ ਲੜ ਰਹੇ ਹਨ, ਜਦਕਿ ਸੂਬਾ ਸਰਕਾਰ ਲੋਕਾਂ ਦੀ ਭਲਾਈ ਲਈ ਅਣਥੱਕ ਮਿਹਨਤ ਕਰ ਰਹੀ ਹੈ। ਅਸੀਂ ਆਪਸ ਵਿੱਚ ਨਹੀਂ ਲੜਦੇ, ਸਗੋਂ ਰੰਗਲਾ ਪੰਜਾਬ ਬਣਾਉਣ ਲਈ ਨਿਰੰਤਰ ਯਤਨ ਕਰ ਰਹੇ ਹਾਂ। ਸੂਬੇ ਦੀ ਲੜਾਈ ਚੰਗੀ ਸਿੱਖਿਆ, ਵਧੀਆ ਸਿਹਤ ਅਤੇ ਹੋਰ ਭਲਾਈ ਸਕੀਮਾਂ ਲਈ ਹੈ। ਸੱਤਾ ਦੀ ਖਾਤਰ ਕਾਂਗਰਸੀ ਆਗੂ ਇੱਕ-ਦੂਜੇ ਨੂੰ ਦੇਖਣਾ ਵੀ ਪਸੰਦ ਨਹੀਂ ਕਰਦੇ।”
ਉਨ੍ਹਾਂ ਕਿਹਾ, “ਕਾਂਗਰਸ ਕੋਲ ਲੋਕਾਂ ਅਤੇ ਸੂਬੇ ਲਈ ਕੋਈ ਵਿਜ਼ਨ ਨਹੀਂ ਹੈ। ਉਨ੍ਹਾਂ ਦਾ ਇਹੀ ਮਕਸਦ ਹੈ ਕਿ ਸੱਤਾ ਵਿੱਚ ਆ ਕੇ ਪੰਜਾਬ ਦੀ ਦੌਲਤ ਲੁੱਟੀ ਜਾਵੇ, ਪਰ ਉਨ੍ਹਾਂ ਦੇ ਸੁਪਨੇ ਕਦੇ ਪੂਰੇ ਨਹੀਂ ਹੋਣਗੇ। ਕਾਂਗਰਸ ਪਾਰਟੀ ਇੱਕ ਅਜਿਹਾ ਖੇਰੂੰ-ਖੇਰੂੰ ਹੋਇਆ ਘਰ ਹੈ ਜੋ ਆਪਣੀ ਅੰਦਰੂਨੀ ਲੜਾਈ ਕਾਰਨ ਢਹਿ ਢੇਰੀ ਹੋ ਜਾਵੇਗਾ। ਇਹ ਅਫ਼ਸੋਸ ਦੀ ਗੱਲ ਹੈ ਕਿ ਸੱਤਾ ਲਈ ਲੜ ਰਹੇ ਇਨ੍ਹਾਂ ਨੇਤਾਵਾਂ ਨੂੰ ਇੱਕਜੁੱਟ ਕਰਨ ਲਈ ਆਉਣ ਵਾਲੇ ਕਾਂਗਰਸ ਦੇ ਚੋਟੀ ਦੇ ਨੇਤਾਵਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਨ੍ਹਾਂ ਦੇ ਨਾਂ ਦਾ ਉਚਾਰਨ ਕਿਵੇਂ ਕਰਨਾ ਹੈ।”
ਮੁੱਖ ਮੰਤਰੀ ਨੇ ਕਿਹਾ, “ਕਾਂਗਰਸ ਅਤੇ ਅਕਾਲੀ ਦਲ ਉਹ ਸਿਉਂਕ ਹਨ, ਜਿਨ੍ਹਾਂ ਨੇ ਆਜ਼ਾਦੀ ਤੋਂ ਬਾਅਦ ਸੂਬੇ ਨੂੰ ਬਰਬਾਦ ਕਰ ਦਿੱਤਾ, ਜਿਸ ਕਾਰਨ ਪੰਜਾਬ ਤਰੱਕੀ ਦੇ ਰਾਹ ‘ਤੇ ਪਛੜ ਗਿਆ। ਇਨ੍ਹਾਂ ਪਾਰਟੀਆਂ ਦੇ ਆਗੂ ਕਦੇ ਵੀ ਇੱਕ-ਦੂਜੇ ਖ਼ਿਲਾਫ਼ ਨਹੀਂ ਬੋਲਦੇ ਪਰ ਮੇਰੇ ਖ਼ਿਲਾਫ਼ ਰੋਜ਼ਾਨਾ ਜ਼ਹਿਰ ਉਗਲਦੇ ਹਨ ਕਿਉਂਕਿ ਮੈਂ ਲੋਕਾਂ ਸਾਹਮਣੇ ਉਨ੍ਹਾਂ ਦਾ ਅਸਲ ਚਿਹਰਾ ਬੇਨਕਾਬ ਕੀਤਾ ਹੈ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਰਵਾਇਤੀ ਸਿਆਸੀ ਪਾਰਟੀਆਂ ਦੇ ਲੋਕ ਵਿਰੋਧੀ ਵਤੀਰੇ ਨੂੰ ਚੇਤੇ ਕਰਨ ਲਈ ਆਖਦਿਆਂ ਕਿਹਾ ਕਿ ਇਹ ਉਹ ਗੱਦਾਰ ਹਨ ਜੋ ਕਦੇ ਵੀ ਸੂਬੇ ਅਤੇ ਇਸ ਦੇ ਲੋਕਾਂ ਪ੍ਰਤੀ ਵਫ਼ਾਦਾਰ ਨਹੀਂ ਰਹੇ।”
ਆਪਣੀ ਸਰਕਾਰ ਦੀਆਂ ਪ੍ਰਸ਼ਾਸਨਿਕ ਪਹਿਲਕਦਮੀਆਂ ‘ਤੇ ਚਾਨਣਾ ਪਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰੀ ਖ਼ਜ਼ਾਨੇ ਦਾ ਇੱਕ-ਇੱਕ ਪੈਸਾ ਲੋਕਾਂ ਦੀ ਭਲਾਈ ਲਈ ਸੋਚ-ਸਮਝ ਕੇ ਖਰਚਿਆ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ, “ਸੂਬੇ ਦੇ 90 ਫੀਸਦ ਤੋਂ ਵੱਧ ਘਰਾਂ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ‘ਚ ਹੁਣ ਕਿਸਾਨਾਂ ਨੂੰ ਵੀ ਦਿਨ ਵੇਲੇ ਬਿਜਲੀ ਮਿਲ ਰਹੀ ਹੈ, ਜੋ ਕਿ ਆਪਣੇ ਆਪ ਵਿੱਚ ਇੱਕ ਵੱਡੀ ਪ੍ਰਾਪਤੀ ਹੈ। ਲੋਕਾਂ ਦੇ ਟੈਕਸ ਦਾ ਪੈਸਾ ਸੂਬੇ ਦਾ ਹੈ ਅਤੇ ਅਸੀਂ ਇਸ ਨੂੰ ਲੋਕਾਂ ਦੀ ਭਲਾਈ ‘ਤੇ ਪੂਰੇ ਧਿਆਨ ਖ਼ਰਚ ਕਰ ਰਹੇ ਹਾਂ। ਲੋਕਾਂ ਦਾ ਪੈਸਾ ਵਿਕਾਸ, ਸਕੂਲਾਂ, ਹਸਪਤਾਲਾਂ ਅਤੇ ਸੜਕਾਂ ਰਾਹੀਂ ਲੋਕਾਂ ਕੋਲ ਵਾਪਸ ਪਹੁੰਚ ਰਿਹਾ ਹੈ।”
ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, “ਸਾਡੀ ਸਰਕਾਰ ਸਿਰਫ਼ ਲੋਕਾਂ ਦੇ ਭਲੇ ਲਈ ਕਰ ਰਹੀ ਹੈ, ਜਿਸਨੇ ਮੁਫ਼ਤ ਬਿਜਲੀ, 70,000 ਤੋਂ ਵੱਧ ਨੌਜਵਾਨਾਂ ਨੂੰ ਬਿਨਾਂ ਕਿਸੇ ਭ੍ਰਿਸ਼ਟਾਚਾਰ ਦੇ ਨੌਕਰੀਆਂ, ਬਿਹਤਰੀਨ ਸੜਕੀ ਸੰਪਰਕ, ਮਿਆਦ ਪੁਗਾ ਚੁੱਕੇ ਟੋਲ ਪਲਾਜ਼ੇ ਬੰਦ ਕਰਕੇ ਲੋਕਾਂ ਦੇ ਰੋਜ਼ਾਨਾ 70 ਲੱਖ ਰੁਪਏ ਦੀ ਬੱਚਤ ਕਰਵਾਉਣ, ਮਿਆਰੀ ਸਿੱਖਿਆ ਤੇ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਅਤੇ ਮਜ਼ਬੂਤ ਬੁਨਿਆਦੀ ਢਾਂਚੇ ਦੇ ਨਿਰਮਾਣ ਸਮੇਤ ਹੋਰ ਕਈ ਅਹਿਮ ਪਹਿਲਕਦਮੀਆਂ ਕੀਤੀਆਂ ਹਨ। ਸੂਬਾ ਸਰਕਾਰ ਪਿੰਡਾਂ ਦੇ ਵਿਕਾਸ ਲਈ ਅਣਥੱਕ ਯਤਨ ਕਰ ਰਹੀ ਹੈ ਜਿਸ ਲਈ ਵੱਡੀਆਂ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ।”
ਮੁੱਖ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਦੀ ਲਾਹਨਤ ਤੋਂ ਦੂਰ ਰੱਖਣ ਲਈ ਸੂਬੇ ਭਰ ਵਿੱਚ 3100 ਖੇਡ ਮੈਦਾਨ ਬਣਾਏ ਜਾ ਰਹੇ ਹਨ।
ਮੁੱਖ ਮੰਤਰੀ ਸਿਹਤ ਯੋਜਨਾ ‘ਤੇ ਚਾਨਣਾ ਪਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਸੂਬਾ ਸਰਕਾਰ ਨੇ ਮੁੱਖ ਮੰਤਰੀ ਸਿਹਤ ਯੋਜਨਾ ਸ਼ੁਰੂ ਕੀਤੀ ਹੈ, ਜੋ ਕਿ ਦੇਸ਼ ਵਿੱਚ ਆਪਣੀ ਕਿਸਮ ਦੀ ਪਹਿਲੀ ਅਜਿਹੀ ਸਕੀਮ ਹੈ ਜੋ ਪੰਜਾਬ ਦੇ ਹਰੇਕ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਨਕਦੀ ਰਹਿਤ ਡਾਕਟਰੀ ਇਲਾਜ ਮੁਹੱਈਆ ਕਰਵਾਉਂਦੀ ਹੈ। ਇਹ ਬੜੇ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਪੰਜਾਬ ਅਜਿਹਾ ਵਿਆਪਕ ਸਿਹਤ ਸੰਭਾਲ ਕਵਰੇਜ ਪ੍ਰਦਾਨ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਹੈ, ਜਿਸ ਨੇ ਮਿਆਰੀ ਸਿਹਤ ਸੇਵਾਵਾਂ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਲੋਕਾਂ ‘ਤੇ ਵਿੱਤੀ ਬੋਝ ਨੂੰ ਕਾਫ਼ੀ ਹੱਦ ਤੱਕ ਘਟਾਇਆ ਹੈ।”
ਉਨ੍ਹਾਂ ਅੱਗੇ ਕਿਹਾ, “ਇਸ ਇਤਿਹਾਸਕ ਕਦਮ ਦਾ ਉਦੇਸ਼ ਸੂਬੇ ਦੇ ਸਮੂਹ ਪਰਿਵਾਰਾਂ ਨੂੰ ਵਿਆਪਕ ਸਿਹਤ ਸੰਭਾਲ ਪ੍ਰਦਾਨ ਕਰਨਾ ਹੈ ਅਤੇ ਹੁਣ ਤੱਕ ਅਨੇਕਾਂ ਲੋਕ ਮੁਫ਼ਤ ਇਲਾਜ ਦਾ ਲਾਭ ਉਠਾ ਚੁੱਕੇ ਹਨ।”
ਮੁੱਖ ਮੰਤਰੀ ਨੇ ਅੱਗੇ ਕਿਹਾ, “ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ, 1 ਜੁਲਾਈ ਤੋਂ 18 ਸਾਲ ਤੋਂ ਵੱਧ ਉਮਰ ਦੀਆਂ ਅਨੁਸੂਚਿਤ ਜਾਤੀ ਵਰਗ ਦੀਆਂ ਔਰਤਾਂ ਨੂੰ ਪ੍ਰਤੀ ਮਹੀਨਾ 1,500 ਰੁਪਏ ਅਤੇ ਬਾਕੀ ਵਰਗਾਂ ਦੀਆਂ ਔਰਤਾਂ ਨੂੰ ਪ੍ਰਤੀ ਮਹੀਨਾ 1,000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਫੰਡ ਸਿੱਧੇ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਕੀਤੇ ਜਾ ਰਹੇ ਹਨ ਅਤੇ ਪਹਿਲਾਂ ਹੀ ਸਮਾਜਿਕ ਸੁਰੱਖਿਆ ਪੈਨਸ਼ਨ ਲੈ ਕਰ ਰਹੀਆਂ ਔਰਤਾਂ ਵੀ ਇਸ ਯੋਜਨਾ ਲਈ ਯੋਗ ਹੋਣਗੀਆਂ।”
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 97 ਫੀਸਦੀ ਔਰਤਾਂ ਨੂੰ ਇਸ ਯੋਜਨਾ ਤੋਂ ਲਾਭ ਹੋਣ ਦੀ ਸੰਭਾਵਨਾ ਹੈ ਅਤੇ ਸੂਬਾ ਸਰਕਾਰ ਨੇ ਇਸ ਸਬੰਧੀ ਬਜਟ ਵਿੱਚ 9,300 ਕਰੋੜ ਰੁਪਏ ਅਲਾਟ ਕੀਤੇ ਹਨ।
ਰੱਖੜੀ ਮੌਕੇ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਅੱਜ ਵੀ, ਮੈਂ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਤਹਿਤ ਰਾਜ ਦੀਆਂ ਔਰਤਾਂ ਨੂੰ ਰੱਖੜੀ ਦਾ ਤੋਹਫ਼ਾ ਦਿੱਤਾ ਹੈ। ਇਹ ਦੁਨੀਆ ਭਰ ਵਿੱਚ ਸਭ ਤੋਂ ਵੱਡੀ ਸਮਾਜਿਕ ਭਲਾਈ ਸਕੀਮ ਹੈ। ਇਸ ਭਲਾਈ ਸਕੀਮ ਦਾ ਦੁਨੀਆ ਭਰ ਵਿੱਚ ਸ਼ਾਇਦ ਹੀ ਕੋਈ ਮੁਕਾਬਲਾ ਹੋਵੇ ਜਿੱਥੇ ਔਰਤਾਂ ਨੂੰ ਵਿੱਤੀ ਸਹਾਇਤਾ ਰਾਹੀਂ ਸਸ਼ਕਤ ਬਣਾਇਆ ਜਾ ਰਿਹਾ ਹੋਵੇ। ਹੁਣ ਤੱਕ 70.92 ਲੱਖ ਮਹਿਲਾ ਲਾਭਪਾਤਰੀਆਂ ਨੂੰ ਸੂਬਾ ਸਰਕਾਰ ਤੋਂ ਇਹ ਤੋਹਫ਼ਾ ਮਿਲਿਆ ਹੈ ਅਤੇ ਅੱਜ 5.20 ਲੱਖ ਲਾਭਪਾਤਰੀਆਂ, ਜਿਨ੍ਹਾਂ ਨੇ ਹਾਲ ਹੀ ਵਿੱਚ ਆਪਣੀ ਰਜਿਸਟਰੇਸ਼ਨ ਕਰਵਾਈ ਹੈ, ਨੂੰ 181.50 ਕਰੋੜ ਰੁਪਏ ਦਿੱਤੇ ਜਾ ਰਹੇ ਹਨ।”
ਮੁੱਖ ਮੰਤਰੀ ਨੇ ਕਿਹਾ ਕਿ ‘ਆਪ’ ਸਰਕਾਰ ਨੇ ਸਿੱਖਿਆ ਨੂੰ ਤਰਜੀਹ ਦਿੱਤੀ ਹੈ ਅਤੇ ਲੋਕਾਂ ਦੇ ਜੀਵਨ ਨੂੰ ਬਦਲਣ ਲਈ ਵਿਲੱਖਣ ਪਹਿਲਕਦਮੀਆਂ ਕੀਤੀਆਂ ਹਨ। ਉਨ੍ਹਾਂ ਕਿਹਾ, “ਕੋਈ ਵੀ ਮੁਫ਼ਤ ਸਹੂਲਤ ਜਾਂ ਰਿਆਇਤ ਸੂਬੇ ਵਿੱਚੋਂ ਗਰੀਬੀ ਜਾਂ ਹੋਰ ਸਮਾਜਿਕ ਬੁਰਾਈਆਂ ਨੂੰ ਖਤਮ ਨਹੀਂ ਕਰ ਸਕਦੀ ਪਰ ਸਿੱਖਿਆ ਹੀ ਉਹ ਕੁੰਜੀ ਹੈ ਜੋ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕ ਕੇ ਉਨ੍ਹਾਂ ਨੂੰ ਇਸ ਚੱਕਰ ਵਿੱਚੋਂ ਬਾਹਰ ਕੱਢ ਸਕਦੀ ਹੈ। ਇਸ ਕਰਕੇ, ਮੇਰੀ ਸਰਕਾਰ ਆਮ ਲੋਕਾਂ ਨੂੰ ਸਸ਼ਕਤ ਬਣਾਉਣ ਲਈ ਸਿੱਖਿਆ ਦੇ ਮਿਆਰ ਨੂੰ ਬਿਹਤਰ ਬਣਾਉਣ ਲਈ ਅਣਥੱਕ ਯਤਨ ਕਰ ਰਹੀ ਹੈ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਧਿਆਪਕ ਸਿਖਲਾਈ ਪ੍ਰੋਗਰਾਮ, ਸਕੂਲ ਆਫ਼ ਐਮੀਨੈਂਸ ਅਤੇ ਹੋਰ ਪਹਿਲਕਦਮੀਆਂ ਸਮੇਤ ਸੂਬਾ ਸਰਕਾਰ ਦੇ ਸਖ਼ਤ ਯਤਨਾਂ ਦੇ ਨਤੀਜੇ ਵਜੋਂ ਪੰਜਾਬ ਨੇ ਸਿੱਖਿਆ ਦੇ ਖੇਤਰ ਵਿੱਚ ਕੇਰਲਾ ਅਤੇ ਹੋਰ ਸੂਬਿਆਂ ਨੂੰ ਪਛਾੜ ਦਿੱਤਾ ਹੈ। ਉਨ੍ਹਾਂ ਕਿਹਾ, “2021 ਵਿੱਚ, ਸਰਕਾਰੀ ਸਕੂਲਾਂ ਦੇ ਸਿਰਫ਼ 80 ਵਿਦਿਆਰਥੀਆਂ ਨੇ ਨੀਟ ਪ੍ਰੀਖਿਆ ਪਾਸ ਕੀਤੀ ਸੀ ਪਰ ਇਸ ਸਾਲ 2026 ਵਿੱਚ, ਇਹ ਗਿਣਤੀ 11 ਗੁਣਾ ਵੱਧ ਕੇ 882 ਹੋ ਗਈ ਹੈ। ਇਹ ਸਾਡੀ ਸਰਕਾਰ ਅਤੇ ਪਿਛਲੀਆਂ ਸਰਕਾਰਾਂ ਵਿਚਲਾ ਅੰਤਰ ਹੈ ਜਿਨ੍ਹਾਂ ਨੇ ਕਦੇ ਵੀ ਸਕੂਲ ਅਤੇ ਸਿੱਖਿਆ ਖੇਤਰ ਵੱਲ ਕੋਈ ਧਿਆਨ ਨਹੀਂ ਦਿੱਤਾ।”
ਸਿੰਚਾਈ ਅਤੇ ਸੜਕੀ ਬੁਨਿਆਦੀ ਢਾਂਚੇ ਵਿੱਚ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਨਹਿਰੀ ਪਾਣੀ 1,587 ਪਿੰਡਾਂ ਦੇ ਖੇਤਾਂ ਤੱਕ ਪਹੁੰਚਿਆ ਹੈ, ਜਿਨ੍ਹਾਂ ਨੇ ਕਦੇ ਨਹਿਰੀ ਪਾਣੀ ਨਹੀਂ ਦੇਖਿਆ ਸੀ। ਇਹ ਬੇਹੱਦ ਮਾਣ ਵਾਲੀ ਗੱਲ ਹੈ ਕਿ ਸੂਬਾ ਸਰਕਾਰ ਨੇ ਨਹਿਰੀ ਪਾਣੀ ਨੂੰ ਹਰ ਖੇਤ ਤੱਕ ਪਹੁੰਚਾਉਣ ਲਈ 7,200 ਕਰੋੜ ਰੁਪਏ ਖਰਚ ਕੀਤੇ ਹਨ। ਮੇਰੇ ਅਹੁਦਾ ਸੰਭਾਲਣ ਤੋਂ ਬਾਅਦ, ਨਹਿਰੀ ਸਿੰਚਾਈ ਅਧੀਨ ਰਕਬਾ 26 ਫ਼ੀਸਦੀ ਤੋਂ ਵੱਧ ਕੇ 80 ਫ਼ੀਸਦੀ ਹੋ ਗਿਆ ਹੈ। 2022 ਵਿੱਚ, ਸਿਰਫ 20 ਲੱਖ 89 ਹਜ਼ਾਰ ਏਕੜ ਰਕਬੇ ਨੂੰ ਨਹਿਰੀ ਪਾਣੀ ਪ੍ਰਾਪਤ ਹੋਇਆ ਸੀ ਪਰ ਅੱਜ ਨਹਿਰੀ ਸਿੰਚਾਈ 60 ਲੱਖ 30 ਹਜ਼ਾਰ ਏਕੜ ਤੱਕ ਪਹੁੰਚ ਗਈ ਹੈ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਸੂਬੇ ਦੇ ਵਸਨੀਕਾਂ ਦੀ ਸਹੂਲਤ ਲਈ 45,000 ਕਿਲੋਮੀਟਰ ਸੜਕਾਂ ਦਾ ਨਵੀਨੀਕਰਨ ਅਤੇ ਅਪਗ੍ਰੇਡ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਸਰੋਤਾਂ ਦੀ ਵਰਤੋਂ ਇਸ ਦੇ ਲੋਕਾਂ ਦੀ ਭਲਾਈ ਲਈ ਅਤੇ ਸੂਬੇ ਭਰ ਵਿੱਚ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣ ਲਈ ਕੀਤੀ ਜਾ ਰਹੀ ਹੈ।






