ਚੰਡੀਗੜ੍ਹ ‘ਚ Ola, Uber, ਅਤੇ Rapido ਖ਼ਿਲਾਫ਼ ਟੈਕਸੀ ਯੂਨੀਅਨ ਦਾ ਧਰਨਾ ਜਾਰੀ, ਸਰਕਾਰੀ ਕਿਰਾਏ ਅਤੇ ਐਗਰੀਗੇਟਰ ਨੀਤੀ ਲਾਗੂ ਕਰਨ ਦੀ ਮੰਗ
ਚੰਡੀਗੜ੍ਹ, 29 ਅਗਸਤ 2026: ਕੈਬ ਐਗਰੀਗੇਟਰ ਕੰਪਨੀਆਂ ਓਲਾ, ਉਬਰ ਅਤੇ ਰੈਪਿਡੋ ਖ਼ਿਲਾਫ਼ ਚੰਡੀਗੜ੍ਹ ਟੈਕਸੀ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਯੂਨੀਅਨ ਦਾ ਦੋਸ਼ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਕੈਬ ਡਰਾਈਵਰਾਂ ਨਾਲ ਕਥਿਤ ਤੌਰ ’ਤੇ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਅਤੇ ਸਰਕਾਰ ਵੱਲੋਂ ਤੈਅ ਕੀਤੇ ਕਿਰਾਏ ਅਤੇ ਐਗਰੀਗੇਟਰ ਨੀਤੀ ਤਹਿਤ ਮਿਲਣ ਵਾਲੇ ਲਾਭ ਉਨ੍ਹਾਂ ਨੂੰ ਨਹੀਂ ਦਿੱਤੇ ਜਾ ਰਹੇ।
ਚੰਡੀਗੜ੍ਹ ਟੈਕਸੀ ਯੂਨੀਅਨ ਦੇ ਪ੍ਰਧਾਨ ਅਮਨਦੀਪ ਸਿੰਘ ਨੇ ਕਿਹਾ ਕਿ ਯੂਨੀਅਨ ਪਿਛਲੇ 90 ਦਿਨਾਂ ਤੋਂ ਲਗਾਤਾਰ ਧਰਨਾ ਦੇ ਰਹੀ ਹੈ। ਉਨ੍ਹਾਂ ਦੱਸਿਆ ਕਿ ਕੈਬ ਐਗਰੀਗੇਟਰਾਂ ਵੱਲੋਂ ਕਥਿਤ ਤੌਰ ’ਤੇ ਡਰਾਈਵਰਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 7 ਜੁਲਾਈ 2025 ਨੂੰ ਸਰਕਾਰ ਵੱਲੋਂ ਤੈਅ ਕੀਤੇ ਕਿਰਾਏ ਅਨੁਸਾਰ ਭੁਗਤਾਨ ਨਹੀਂ ਹੋ ਰਿਹਾ, ਜਿਸ ਕਾਰਨ ਟੈਕਸੀ ਚਾਲਕਾਂ ਨੂੰ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅਮਨਦੀਪ ਸਿੰਘ ਨੇ ਦੱਸਿਆ ਕਿ 6 ਜੂਨ 2025 ਨੂੰ ਜਾਰੀ ਕੀਤੀ ਐਗਰੀਗੇਟਰ ਨੀਤੀ ਵਿੱਚ ਡਰਾਈਵਰਾਂ ਲਈ ਕਈ ਪ੍ਰਬੰਧ ਕੀਤੇ ਗਏ ਸਨ, ਪਰ ਯੂਨੀਅਨ ਦਾ ਦਾਅਵਾ ਹੈ ਕਿ ਇਨ੍ਹਾਂ ਨੂੰ ਅਮਲੀ ਰੂਪ ਵਿੱਚ ਲਾਗੂ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਮੁਤਾਬਕ ਨੀਤੀ ਵਿੱਚ ਡਰਾਈਵਰਾਂ ਲਈ 6 ਲੱਖ ਰੁਪਏ ਦਾ ਮੈਡੀਕਲ ਬੀਮਾ ਅਤੇ 10 ਲੱਖ ਰੁਪਏ ਦਾ ਟਰਮ ਇੰਸ਼ੋਰੈਂਸ ਸ਼ਾਮਲ ਹੈ। ਇਸ ਤੋਂ ਇਲਾਵਾ ਨਿੱਜੀ ਵਾਹਨਾਂ ਨੂੰ ਐਗਰੀਗੇਟਰਾਂ ਵੱਲੋਂ ਅਟੈਚ ਕਰਨ ’ਤੇ ਪਾਬੰਦੀ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਯੂਨੀਅਨ ਪ੍ਰਧਾਨ ਨੇ ਕਿਹਾ ਕਿ ਉਹ ਪਿਛਲੇ 15 ਮਹੀਨਿਆਂ ਦੌਰਾਨ 11 ਵਾਰ ਹੜਤਾਲਾਂ ਕਰ ਚੁੱਕੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸੰਘਰਸ਼ ਦੌਰਾਨ ਯੂਨੀਅਨ ਨੂੰ ਕੁਝ ਸਫਲਤਾਵਾਂ ਵੀ ਮਿਲੀਆਂ ਹਨ। ਉਨ੍ਹਾਂ ਅਨੁਸਾਰ, 16 ਜੂਨ ਨੂੰ ਹੋਈ ਮੀਟਿੰਗ ਤੋਂ ਬਾਅਦ 17 ਜੂਨ ਨੂੰ ਓਲਾ ਦਾ ਲਾਇਸੈਂਸ ਮੁਅੱਤਲ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇੱਕ ਹੋਰ ਕੰਪਨੀ ਦਾ ਲਾਇਸੈਂਸ ਵੀ ਮੁਅੱਤਲ ਕਰਵਾਉਣ ਵਿੱਚ ਯੂਨੀਅਨ ਸਫਲ ਰਹੀ ਹੈ।
ਅਮਨਦੀਪ ਸਿੰਘ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਟੈਕਸੀ ਚਾਲਕਾਂ ਦੀਆਂ ਮੰਗਾਂ ਵੱਲ ਗੰਭੀਰਤਾ ਨਾਲ ਧਿਆਨ ਦਿੱਤਾ ਜਾਵੇ ਅਤੇ ਸਰਕਾਰੀ ਕਿਰਾਏ ਤੇ ਐਗਰੀਗੇਟਰ ਨੀਤੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਵਾਇਆ ਜਾਵੇ। ਉਨ੍ਹਾਂ ਆਮ ਲੋਕਾਂ ਅਤੇ ਸਾਥੀ ਡਰਾਈਵਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਯੂਨੀਅਨ ਦੇ ਸੰਘਰਸ਼ ਨੂੰ ਸਮਝਣ। ਉਨ੍ਹਾਂ ਕਿਹਾ ਕਿ ਟੈਕਸੀ ਯੂਨੀਅਨ ਦਾ ਇਹ ਸੰਘਰਸ਼ ਕਿਸੇ ਕੰਪਨੀ ਜਾਂ ਵਿਅਕਤੀ ਦੇ ਖ਼ਿਲਾਫ਼ ਨਹੀਂ, ਸਗੋਂ ਆਪਣੇ ਹੱਕਾਂ ਅਤੇ ਇਨਸਾਫ਼ ਲਈ ਹੈ।






