US Breaking: ਪਾਰਕ ’ਚ ਗੋਲੀਬਾਰੀ ਦੌਰਾਨ ਪੁਲਿਸ ਅਧਿਕਾਰੀ ਦੀ ਮੌਤ; ਦੂਜਾ ਜ਼ਖ਼ਮੀ
ਕੋਲੰਬੀਆ 30 ਅਗਸਤ 2026
ਅਮਰੀਕਾ ਦੇ ਦੱਖਣੀ ਕੈਰੋਲੀਨਾ ਸੂਬੇ ਦੇ ਕੋਲੰਬੀਆ ਸ਼ਹਿਰ ਵਿੱਚ ਸ਼ਨੀਵਾਰ ਨੂੰ ਇੱਕ ਪਾਰਕ ਨੇੜੇ ਹੋਈ ਗੋਲੀਬਾਰੀ ਦੌਰਾਨ ਇੱਕ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਅਧਿਕਾਰੀ ਜ਼ਖ਼ਮੀ ਹੋ ਗਿਆ। ਪੁਲਿਸ ਮੁਖੀ ਡਬਲਿਊ. ਐੱਚ. ‘ਸਕਿਪ’ ਹੋਲਬਰੁੱਕ ਨੇ ਦੱਸਿਆ ਕਿ ਪੁਲਿਸ ਟੀਮ ਘਰੇਲੂ ਝਗੜੇ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪਹੁੰਚੀ ਸੀ।
ਪੁਲਿਸ ਮੁਤਾਬਕ ਘਟਨਾ ਵਿੱਚ ਸ਼ਾਮਲ 33 ਸਾਲਾ ਸ਼ੱਕੀ ਵਿਅਕਤੀ ਦੀ ਵੀ ਮੌਤ ਹੋ ਗਈ। ਅਧਿਕਾਰੀਆਂ ਨੇ ਉਸ ਦੀ ਪਛਾਣ ਐਡਮ ਟਾਈਲਰ ਡਾਊਡੀ ਵਜੋਂ ਕੀਤੀ ਹੈ। ਪੁਲਿਸ ਮੁਖੀ ਅਨੁਸਾਰ ਉਸ ਦਾ ਪਹਿਲਾਂ ਵੀ ਕਈ ਮਾਮਲਿਆਂ ਨਾਲ ਸਬੰਧਤ ਅਪਰਾਧਿਕ ਰਿਕਾਰਡ ਸੀ।
ਮ੍ਰਿਤਕ ਪੁਲਿਸ ਅਧਿਕਾਰੀ ਦੀ ਪਛਾਣ 29 ਸਾਲਾ ਕ੍ਰਿਸਟੋਫਰ ਡੀਲੌਂਗ ਵਜੋਂ ਹੋਈ ਹੈ। ਉਹ ਪਿਛਲੇ ਦੋ ਸਾਲਾਂ ਤੋਂ ਕੋਲੰਬੀਆ ਪੁਲਿਸ ਵਿਭਾਗ ਵਿੱਚ ਸੇਵਾ ਨਿਭਾਅ ਰਹੇ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ ਅਤੇ ਦੋ ਛੋਟੇ ਬੱਚੇ ਹਨ। ਜ਼ਖ਼ਮੀ ਦੂਜੇ ਅਧਿਕਾਰੀ ਡੇਵਿਡ ਡਾਇਮੌਕ ਦੀ ਹਾਲਤ ਸਥਿਰ ਦੱਸੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਦੀ ਜਾਂਚ ਦੱਖਣੀ ਕੈਰੋਲੀਨਾ ਲਾਅ ਇਨਫੋਰਸਮੈਂਟ ਡਿਵੀਜ਼ਨ ਵੱਲੋਂ ਕੀਤੀ ਜਾ ਰਹੀ ਹੈ।






