ਕੌਮਾਂਤਰੀ ਮੁੱਕੇਬਾਜ਼ ਜਗਦੇਵ ਸਿੰਘ ਗਰੇਵਾਲ ‘ਜੱਗਾ ਬਾਕਸਰ’ ਦਾ ਦੇਹਾਂਤ, ਖੇਡ ਜਗਤ ’ਚ ਸੋਗ ਦੀ ਲਹਿਰ
ਸੁਨਾਮ, 31 ਅਗਸਤ 2026
ਸੁਨਾਮ ਸ਼ਹਿਰ ਨਾਲ ਸਬੰਧਤ ਉੱਘੇ ਕੌਮਾਂਤਰੀ ਮੁੱਕੇਬਾਜ਼ ਜਗਦੇਵ ਸਿੰਘ ਗਰੇਵਾਲ, ਜੋ ‘ਜੱਗਾ ਬਾਕਸਰ’ ਦੇ ਨਾਂ ਨਾਲ ਜਾਣੇ ਜਾਂਦੇ ਸਨ, ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੀ ਮੌਤ ਦੀ ਖ਼ਬਰ ਨਾਲ ਇਲਾਕੇ ਸਮੇਤ ਸਮੁੱਚੇ ਖੇਡ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਜਗਦੇਵ ਸਿੰਘ ਗਰੇਵਾਲ ਨੇ ਆਪਣੇ ਮੁੱਕੇਬਾਜ਼ੀ ਕਰੀਅਰ ਦੌਰਾਨ ਕੌਮਾਂਤਰੀ ਪੱਧਰ ’ਤੇ ਦੇਸ਼ ਦਾ ਨਾਮ ਰੌਸ਼ਨ ਕੀਤਾ। ਉਨ੍ਹਾਂ ਨੇ ਪਾਕਿਸਤਾਨ ਵਿੱਚ ਹੋਏ ਕੌਮਾਂਤਰੀ ਮੁੱਕੇਬਾਜ਼ੀ ਮੁਕਾਬਲੇ ‘ਕਾਇਦੇ-ਆਜ਼ਮ’ ਵਿੱਚ ਹਿੱਸਾ ਲੈਂਦਿਆਂ ਪਾਕਿਸਤਾਨ ਦੇ ਇੱਕ ਨਾਮੀ ਮੁੱਕੇਬਾਜ਼ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ ਸੀ। ਇਸ ਪ੍ਰਾਪਤੀ ਨੇ ਉਨ੍ਹਾਂ ਨੂੰ ਮੁੱਕੇਬਾਜ਼ੀ ਦੇ ਖੇਤਰ ਵਿੱਚ ਵਿਸ਼ੇਸ਼ ਪਛਾਣ ਦਿਵਾਈ।
ਇਸ ਤੋਂ ਬਾਅਦ ਉਹ ਭਾਰਤੀ ਰੇਲਵੇ ਵਿੱਚ ਸੀ.ਟੀ.ਸੀ. ਵਜੋਂ ਭਰਤੀ ਹੋਏ ਅਤੇ ਆਲ ਇੰਡੀਆ ਰੇਲਵੇ ਬਾਕਸਿੰਗ ਮੁਕਾਬਲਿਆਂ ਵਿੱਚ ਵੀ ਕਈ ਮੁਕਾਬਲੇ ਜਿੱਤੇ। ਖੇਡ ਤੋਂ ਸੇਵਾ-ਮੁਕਤੀ ਮਗਰੋਂ ਵੀ ਉਨ੍ਹਾਂ ਦਾ ਮੁੱਕੇਬਾਜ਼ੀ ਨਾਲ ਨਾਤਾ ਬਣਿਆ ਰਿਹਾ। ਉਨ੍ਹਾਂ ਨੇ ਅਨੇਕਾਂ ਨੌਜਵਾਨਾਂ ਨੂੰ ਮੁੱਕੇਬਾਜ਼ੀ ਦੀ ਸਿਖਲਾਈ ਦਿੱਤੀ ਅਤੇ ਉਨ੍ਹਾਂ ਦੇ ਕਈ ਸ਼ਗਿਰਦਾਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਜਿੱਤਾਂ ਦਰਜ ਕਰਕੇ ਨਾਮਣਾ ਖੱਟਿਆ।
ਜਗਦੇਵ ਸਿੰਘ ਗਰੇਵਾਲ ਦੇ ਅਕਾਲ ਚਲਾਣੇ ’ਤੇ ਵੱਖ-ਵੱਖ ਸਿਆਸੀ, ਸਮਾਜਿਕ ਅਤੇ ਖੇਡ ਖੇਤਰ ਦੀਆਂ ਸ਼ਖਸੀਅਤਾਂ ਨੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।






