ਚੰਡੀਗੜ੍ਹ ਵਿਖੇ ਨੈਸ਼ਨਲ ਗੱਤਕਾ ਟਰਾਇਲ ਸਫਲਤਾਪੂਰਵਕ ਸੰਪੰਨ — ਵੱਖ-ਵੱਖ ਰਾਜਾਂ ਤੋਂ 119 ਖਿਡਾਰੀਆਂ ਨੇ ਲਿਆ ਭਾਗ

Top Trending News ਖੇਡਾਂ ਚੰਡੀਗੜ੍ਹ ਪੰਜਾਬ

  • ਚੰਡੀਗੜ੍ਹ ਵਿਖੇ ਨੈਸ਼ਨਲ ਗੱਤਕਾ ਟਰਾਇਲ ਸਫਲਤਾਪੂਰਵਕ ਸੰਪੰਨ — ਵੱਖ-ਵੱਖ ਰਾਜਾਂ ਤੋਂ 119 ਖਿਡਾਰੀਆਂ ਨੇ ਲਿਆ ਭਾਗ

ਚੰਡੀਗੜ੍ਹ, 1 ਸਤੰਬਰ (ਦੇਸ਼ ਕਲਿੱਕ ਬਿਊਰੋ): ਚੰਡੀਗੜ੍ਹ ਗੱਤਕਾ ਐਸੋਸੀਏਸ਼ਨ (ਰਜਿ.) ਵੱਲੋਂ ਚੰਡੀਗੜ੍ਹ ਗੁਰਦੁਆਰਾ ਅਸਥਾਪਨ ਕਮੇਟੀ (CGAC) ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ, ਸੈਕਟਰ 22-ਡੀ, ਚੰਡੀਗੜ੍ਹ ਵਿਖੇ ਕਰਵਾਏ ਗਏ ਨੈਸ਼ਨਲ ਗੱਤਕਾ ਟਰਾਇਲ ਸਫਲਤਾਪੂਰਵਕ ਸੰਪੰਨ ਹੋਏ।

ਇਨ੍ਹਾਂ ਟਰਾਇਲਾਂ ਵਿੱਚ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ 119 ਗੱਤਕਾ ਖਿਡਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਹ ਟਰਾਇਲ 4ਵੀਂ ਵਿਰਸਾ ਸੰਭਾਲ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ-2026 ਗਰਨਾ ਸਾਹਿਬ ਲਈ ਖਿਡਾਰੀਆਂ ਦੀ ਚੋਣ ਦੇ ਉਦੇਸ਼ ਨਾਲ ਕਰਵਾਏ ਗਏ।

ਇਸ ਮੌਕੇ ਸ. ਪ੍ਰਿਤਪਾਲ ਸਿੰਘ ਸੋਨੀ ਜੀ (ਦਸੂਹਾ), ਸ. ਮਨਦੀਪ ਸਿੰਘ ਢੀਂਡਸਾ ਜੀ (ਦਸੂਹਾ) ਅਤੇ ਸ. ਜਸਵਿੰਦਰ ਸਿੰਘ ਮਾਨਕੂ ਜੀ (ਦਸੂਹਾ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ।

ਇਸ ਸਮਾਗਮ ਦੀ ਸਫਲਤਾ ਵਿੱਚ ਸ. ਗੁਰਜੋਤ ਸਿੰਘ ਸਾਹਨੀ ਜੀ ਦਾ ਵਿਸ਼ੇਸ਼ ਯੋਗਦਾਨ ਰਿਹਾ। ਉਨ੍ਹਾਂ ਵੱਲੋਂ ਖਿਡਾਰੀਆਂ ਅਤੇ ਮਹਿਮਾਨਾਂ ਲਈ ਰਿਹਾਇਸ਼, ਭੋਜਨ, ਮਹਿਮਾਨਨਿਵਾਜ਼ੀ ਅਤੇ ਹੋਰ ਪ੍ਰਬੰਧਾਂ ਨੂੰ ਸੁਚੱਜੇ ਢੰਗ ਨਾਲ ਸੰਭਾਲਣ ਲਈ ਵਿਸ਼ੇਸ਼ ਯਤਨ ਕੀਤੇ ਗਏ।

ਐਸੋਸੀਏਸ਼ਨ ਵੱਲੋਂ ਸਮੂਹ ਅਧਿਕਾਰੀਆਂ, ਤਕਨੀਕੀ ਇੰਚਾਰਜਾਂ, ਕੋਚਾਂ, ਵਲੰਟੀਅਰਾਂ ਅਤੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ, ਜਿਨ੍ਹਾਂ ਦੀ ਸਾਂਝੀ ਮਿਹਨਤ ਸਦਕਾ ਇਹ ਟਰਾਇਲ ਸਫਲਤਾਪੂਰਵਕ ਕਰਵਾਏ ਗਏ।

ਚੰਡੀਗੜ੍ਹ ਗੱਤਕਾ ਐਸੋਸੀਏਸ਼ਨ (ਰਜਿ.) ਵੱਲੋਂ ਗੱਤਕੇ ਦੀ ਤਰੱਕੀ ਅਤੇ ਖਿਡਾਰੀਆਂ ਨੂੰ ਕੌਮੀ ਪੱਧਰ ‘ਤੇ ਬਿਹਤਰ ਮੌਕੇ ਪ੍ਰਦਾਨ ਕਰਨ ਲਈ ਭਵਿੱਖ ਵਿੱਚ ਵੀ ਅਜਿਹੇ ਉਪਰਾਲੇ ਜਾਰੀ ਰੱਖਣ ਦਾ ਸੰਕਲਪ ਪ੍ਰਗਟਾਇਆ ਗਿਆ।