Punjab Breaking: ਪੁੱਤ ’ਤੇ ਹੋਏ ਹਮਲੇ ਨੂੰ ਛੁਡਾਉਣ ਆਏ ਪਿਤਾ ਦੀ ਸਿਰ ’ਚ ਸੱਟ ਲੱਗਣ ਕਾਰਨ ਮੌਤ

Top Trending News ਪੰਜਾਬ

 

Punjab Breaking: ਪੁੱਤ ’ਤੇ ਹੋਏ ਹਮਲੇ ਨੂੰ ਛੁਡਾਉਣ ਆਏ ਪਿਤਾ ਦੀ ਸਿਰ ’ਚ ਸੱਟ ਲੱਗਣ ਕਾਰਨ ਮੌਤ

ਲੋਹੀਆਂ ਖਾਸ (ਜਲੰਧਰ), 4 ਸਤੰਬਰ 2026: ਲੋਹੀਆਂ ਨੇੜਲੇ ਪਿੰਡ ਜਮਸ਼ੇਰ ਵਿੱਚ ਅੱਜ ਦੋ ਧੜਿਆਂ ਵਿਚਕਾਰ ਹੋਈ ਲੜਾਈ ਦੌਰਾਨ ਇੱਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕ ਦੀ ਪਛਾਣ ਸ਼ਿੰਗਾਰਾ ਸਿੰਘ (45) ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਮੌਕੇ ’ਤੇ ਮੌਜੂਦ ਲੋਕਾਂ ਅਨੁਸਾਰ, ਸ਼ਿੰਗਾਰਾ ਸਿੰਘ ਦਾ 18 ਸਾਲਾ ਪੁੱਤਰ ਜਸ਼ਨਪ੍ਰੀਤ ਸਿੰਘ ਘਰ ਦੇ ਬਾਹਰ ਕਿਸੇ ਵੱਲੋਂ ਕੀਤੇ ਗਏ ਅਚਾਨਕ ਹਮਲੇ ਦਾ ਸ਼ਿਕਾਰ ਹੋ ਗਿਆ ਸੀ। ਪੁੱਤਰ ਨਾਲ ਹੋ ਰਹੀ ਲੜਾਈ ਨੂੰ ਛੁਡਾਉਣ ਲਈ ਸ਼ਿੰਗਾਰਾ ਸਿੰਘ ਮੌਕੇ ’ਤੇ ਪਹੁੰਚਿਆ। ਇਸ ਦੌਰਾਨ ਹਮਲਾਵਰਾਂ ਵੱਲੋਂ ਉਸ ਦੇ ਸਿਰ ’ਤੇ ਸੱਟ ਮਾਰ ਦਿੱਤੀ ਗਈ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਅਤੇ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ।

ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਲੋਹੀਆਂ ਦੀ ਪੁਲਿਸ ਮੌਕੇ ’ਤੇ ਪਹੁੰਚੀ। ਥਾਣਾ ਐਸਐਚਓ ਰਜਿੰਦਰ ਖਹਿਰਾ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਦੀ ਲਾਸ਼ ਕਬਜ਼ੇ ਵਿੱਚ ਲੈ ਲਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਘਟਨਾ ਵਿੱਚ ਸ਼ਾਮਲ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।