- ਅੰਤਿਮ ਸਸਕਾਰ ਤੇ ਭੋਗ ਪਾ ਚੁੱਕਿਆ ਸੀ ਪਰਿਵਾਰ: 20 ਦਿਨ ਬਾਅਦ ਜ਼ਿੰਦਾ ਮਿਲਿਆ ਨੌਜਵਾਨ
- ਕਪੂਰਥਲਾ ਜੇਲ੍ਹ ’ਚ ਹੈ ਬੰਦ
ਕਪੂਰਥਲਾ: 5 ਸਤੰਬਰ (ਦੇਸ਼ ਕਲਿੱਕ ਬਿਊਰੋ): ਕਪੂਰਥਲਾ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੌਜਵਾਨ ਨੂੰ ਪਰਿਵਾਰ ਮ੍ਰਿਤਕ ਸਮਝ ਕੇ ਉਸ ਦਾ ਅੰਤਿਮ ਸਸਕਾਰ ਕਰ ਚੁੱਕਾ ਸੀ, ਉਹ ਕਰੀਬ 20 ਦਿਨ ਬਾਅਦ ਕਪੂਰਥਲਾ ਕੇਂਦਰੀ ਜੇਲ੍ਹ ਵਿੱਚ ਜ਼ਿੰਦਾ ਮਿਲਿਆ। ਪਰਿਵਾਰ ਵੱਲੋਂ ਉਸ ਦੀਆਂ ਅੰਤਿਮ ਰਸਮਾਂ ਅਤੇ ਭੋਗ ਵੀ ਪਾਇਆ ਜਾ ਚੁੱਕਾ ਸੀ।
ਜਾਣਕਾਰੀ ਮੁਤਾਬਕ ਕਰੀਬ 22 ਦਿਨ ਪਹਿਲਾਂ ਕਪੂਰਥਲਾ ਪੁਲਿਸ ਨੂੰ ਕੰਜਲੀ ਨੇੜਿਓਂ ਇੱਕ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ ਸੀ। ਇਸ ਦੌਰਾਨ ਲਾਪਤਾ ਚੱਲ ਰਹੇ ਆਪਣੇ ਪੁੱਤਰ ਦੀ ਭਾਲ ਕਰ ਰਹੇ ਪਰਿਵਾਰ ਨੇ ਲਾਸ਼ ਦੀ ਪਛਾਣ ਕਰ ਦਿੱਤੀ ਸੀ। ਪੁਲਿਸ ਵੱਲੋਂ ਲਾਸ਼ ਪਰਿਵਾਰ ਨੂੰ ਸੌਂਪੇ ਜਾਣ ਤੋਂ ਬਾਅਦ ਉਨ੍ਹਾਂ ਨੇ 13 ਅਗਸਤ 2026 ਨੂੰ ਉਸ ਦਾ ਅੰਤਿਮ ਸਸਕਾਰ ਕਰ ਦਿੱਤਾ। ਇਸ ਤੋਂ ਬਾਅਦ ਪਰਿਵਾਰ ਨੇ ਅੰਤਿਮ ਰਸਮਾਂ ਅਤੇ ਭੋਗ ਵੀ ਪਾ ਦਿੱਤਾ।
ਮਾਮਲੇ ਨੇ ਉਸ ਵੇਲੇ ਨਵਾਂ ਮੋੜ ਲਿਆ ਜਦੋਂ ਪਰਿਵਾਰ ਨੂੰ ਕਪੂਰਥਲਾ ਕੇਂਦਰੀ ਜੇਲ੍ਹ ਦੇ ਇੱਕ ਕਰਮਚਾਰੀ ਦਾ ਫੋਨ ਆਇਆ। ਕਰਮਚਾਰੀ ਨੇ ਦੱਸਿਆ ਕਿ ਜਿਸ ਨੌਜਵਾਨ ਨੂੰ ਪਰਿਵਾਰ ਮ੍ਰਿਤਕ ਸਮਝ ਰਿਹਾ ਹੈ, ਉਹ ਜੇਲ੍ਹ ਵਿੱਚ ਬੰਦ ਹੈ। ਪਹਿਲਾਂ ਪਰਿਵਾਰ ਨੂੰ ਇਸ ਗੱਲ ’ਤੇ ਵਿਸ਼ਵਾਸ ਨਹੀਂ ਹੋਇਆ। ਜਦੋਂ ਪਰਿਵਾਰਕ ਮੈਂਬਰ ਜੇਲ੍ਹ ਪਹੁੰਚੇ ਤਾਂ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਸਾਹਮਣੇ ਜ਼ਿੰਦਾ ਦੇਖਿਆ।
ਹੁਣ ਅਸਲੀ ਲਾਸ਼ ਦੀ ਪਛਾਣ ਬਣੀ ਵੱਡਾ ਸਵਾਲ
ਇਸ ਘਟਨਾ ਤੋਂ ਬਾਅਦ ਕਈ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਜਿਸ ਅਣਪਛਾਤੇ ਨੌਜਵਾਨ ਦੀ ਲਾਸ਼ ਨੂੰ ਪਰਿਵਾਰ ਨੇ ਆਪਣੇ ਪੁੱਤਰ ਵਜੋਂ ਪਛਾਣਿਆ ਸੀ, ਆਖ਼ਿਰ ਉਹ ਕਿਸ ਦੀ ਸੀ ? ਪਛਾਣ ਵਿੱਚ ਗਲਤੀ ਕਿਵੇਂ ਹੋਈ ਅਤੇ ਲਾਸ਼ ਪਰਿਵਾਰ ਨੂੰ ਕਿਸ ਆਧਾਰ ’ਤੇ ਸੌਂਪੀ ਗਈ—ਇਨ੍ਹਾਂ ਸਾਰੇ ਮਾਮਲਿਆਂ ਦੀ ਹੁਣ ਜਾਂਚ ਕੀਤੀ ਜਾ ਰਹੀ ਹੈ। ਡੀਐੱਸਪੀ ਸ਼ੀਤਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ। ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਕਿਹੜੇ ਪੱਧਰ ’ਤੇ ਲਾਪਰਵਾਹੀ ਹੋਈ। ਜੇਕਰ ਜਾਂਚ ਦੌਰਾਨ ਕਿਸੇ ਦੀ ਜ਼ਿੰਮੇਵਾਰੀ ਸਾਹਮਣੇ ਆਉਂਦੀ ਹੈ ਤਾਂ ਸਬੰਧਤ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਫਿਲਹਾਲ ਪੁਲਿਸ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਉਸ ਅਣਪਛਾਤੀ ਲਾਸ਼ ਦੀ ਅਸਲ ਪਛਾਣ ਕਰਨ ਦੀ ਹੈ, ਜਿਸ ਦਾ ਪਰਿਵਾਰ ਵੱਲੋਂ ਆਪਣੇ ਪੁੱਤਰ ਸਮਝ ਕੇ ਅੰਤਿਮ ਸਸਕਾਰ ਕਰ ਦਿੱਤਾ ਗਿਆ ਸੀ।







