- ਧਰਮਸ਼ਾਲਾ ਦੇ ਵਿਵਾਦ ਨੂੰ ਲੈ ਕੇ ਪੰਚ ‘ਤੇ ਜਾਨਲੇਵਾ ਹਮਲਾ: 8 ਖਿਲਾਫ ਮਾਮਲਾ ਦਰਜ
ਮੋਰਿੰਡਾ 6 ਸਤੰਬਰ (ਭਟੋਆ): ਪਿੰਡ ਖੈਰਪੁਰ ਵਿਖੇ ਨਵੀਂ ਬਣ ਰਹੀ ਧਰਮਸ਼ਾਲਾ ਦੇ ਰੰਜਿਸ਼ੀ ਵਿਵਾਦ ਨੂੰ ਲੈ ਕੇ ਪਿੰਡ ਦੇ ਮੌਜੂਦਾ ਪੰਚ ਅਤੇ ਆਟੋ ਚਾਲਕ ਹਰਕੇਸ਼ ਸਿੰਘ (57) ‘ਤੇ ਜਾਨਲੇਵਾ ਹਮਲਾ ਕਰਨ ਅਤੇ ਆਟੋ ਦੀ ਭੰਨ-ਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੋਰਿੰਡਾ ਸਦਰ ਪੁਲਿਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ ‘ਤੇ 8 ਵਿਅਕਤੀਆਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਜਾਂਚ ਅਫਸਰ ਏਐਸਆਈ ਯੁਵਰਾਜ ਸਿੰਘ ਨੇ ਦੱਸਿਆ ਕਿ ਹਰਕੇਸ਼ ਸਿੰਘ ਪੁੱਤਰ ਗੁਰਪਾਲ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ 1 ਸਤੰਬਰ ਨੂੰ ਸਵੇਰੇ ਲਗਭਗ 10:15 ਵਜੇ ਜਦੋਂ ਉਹ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਤੋਂ ਸਵਾਰੀਆਂ ਛੱਡ ਕੇ ਆਪਣੇ ਆਟੋ ਨੰਬਰ PB11CN0648 ਰਾਹੀਂ ਵਾਪਸ ਘਰ ਆ ਰਿਹਾ ਸੀ, ਤਾਂ ਪਿੰਡ ਖੈਰਪੁਰ ਧਰਮਸ਼ਾਲਾ ਕੋਲ ਹਥਿਆਰਾਂ ਨਾਲ ਲੈਸ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ। ਹਮਲਾਵਰਾਂ ਕੋਲ ਤਲਵਾਰਾਂ, ਗੰਡਾਸੇ ਅਤੇ ਡੰਡੇ ਸਨ। ਹਮਲੇ ਦੌਰਾਨ ਅੰਮ੍ਰਿਤ ਸਿੰਘ ਉਰਫ ਸ਼ੋਕੀ ਨੇ ਡੰਡੇ ਨਾਲ ਉਸ ਦੇ ਮੂੰਹ ‘ਤੇ ਵਾਰ ਕੀਤਾ, ਜਿਸ ਨਾਲ ਉਸ ਦੇ ਬੁੱਲ੍ਹਾਂ ‘ਤੇ ਗੰਭੀਰ ਸੱਟਾਂ ਲੱਗੀਆਂ। ਹੋਰਨਾਂ ਮੁਲਜ਼ਮਾਂ ਨੇ ਵੀ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ, ਜਿਸ ਨਾਲ ਉਸ ਦੇ ਕੱਪੜੇ ਪਾਟ ਗਏ ਅਤੇ ਪੱਗ ਉਤਰ ਗਈ। ਰੌਲਾ ਪਾਉਣ ‘ਤੇ ਪਿੰਡ ਵਾਸੀਆਂ ਨੂੰ ਇਕੱਠੇ ਹੁੰਦੇ ਦੇਖ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ।
ਘਟਨਾ ਤੋਂ ਬਾਅਦ ਹਰਜਿੰਦਰ ਸਿੰਘ ਅਤੇ ਜਸਵੀਰ ਸਿੰਘ ਸਾਬਕਾ ਪੰਚ ਨੇ ਹਰਕੇਸ਼ ਸਿੰਘ ਨੂੰ ਜ਼ਖਮੀ ਹਾਲਤ ਵਿਚ ਇਲਾਜ ਲਈ ਸਿਵਲ ਹਸਪਤਾਲ ਮੋਰਿੰਡਾ ਵਿਖੇ ਦਾਖਲ ਕਰਵਾਇਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਡਾਕਟਰੀ ਰਿਪੋਰਟ ਅਨੁਸਾਰ ਪੀੜਤ ਦੇ ਸਰੀਰ ‘ਤੇ ਕੁੱਲ 4 ਸੱਟਾਂ ਦੇ ਨਿਸ਼ਾਨ ਪਾਏ ਗਏ ਹਨ।
ਪੀੜਤ ਅਨੁਸਾਰ ਖੈਰਪੁਰ ਵਿੱਚ ਬਣ ਰਹੀ ਨਵੀਂ ਧਰਮਸ਼ਾਲਾ ‘ਤੇ ਪਿੰਡ ਢੰਗਰਾਲੀ ਦੇ ਕੁਝ ਲੋਕ ਆਪਣਾ ਹੱਕ ਜਤਾਉਂਦੇ ਹਨ। ਹਰਕੇਸ਼ ਸਿੰਘ ਪਿੰਡ ਦਾ ਮੌਜੂਦਾ ਪੰਚ ਹੋਣ ਕਰਕੇ ਪੰਚਾਇਤ ਨਾਲ ਇਸ ਮਸਲੇ ਵਿੱਚ ਸ਼ਾਮਲ ਸੀ, ਜਿਸ ਦੀ ਰੰਜਿਸ਼ ਰੱਖਦਿਆਂ ਇਹ ਹਮਲਾ ਕੀਤਾ ਗਿਆ ਅਤੇ ਉਸ ਦੇ ਆਟੋ ਦੀ ਵੀ ਭੰਨ-ਤੋੜ ਕੀਤੀ ਗਈ।
ਜਾਂਚ ਅਫਸਰ ਏ.ਐਸ.ਆਈ. ਯੁਵਰਾਜ ਸ਼ਰਮਾ ਨੇ ਸਿਵਲ ਹਸਪਤਾਲ ਪਹੁੰਚ ਕੇ ਪੀੜਤ ਦੇ ਬਿਆਨ ਕਲਮਬੰਦ ਕੀਤੇ। ਪੁਲਿਸ ਨੇ ਪਿੰਡ ਢੰਗਰਾਲੀ ਦੇ ਰਹਿਣ ਵਾਲੇ 8 ਵਿਅਕਤੀਆਂ ਹਰਿੰਦਰ ਸਿੰਘ ਉਰਫ ਹੈਰੀ ਪੁੱਤਰ ਕੁਲਦੀਪ ਸਿੰਘ , ਨੇਤਰ ਸਿੰਘ ਪੁੱਤਰ ਸਰਵਣ ਸਿੰਘ , ਮੰਗਾ ਪੁੱਤਰ ਨੇਤਰ ਸਿੰਘ , ਅਮਰੀਕ ਸਿੰਘ ਉਰਫ ਰਿੰਕੂ ਪੁੱਤਰ ਦਿਲਬਾਰਾ ਸਿੰਘ , ਅੰਮ੍ਰਿਤ ਸਿੰਘ ਉਰਫ ਸ਼ੋੌਕੀ ਪੁੱਤਰ ਦਿਲਬਾਰਾ ਸਿੰਘ , ਰਾਜ ਕੁਮਾਰ ਉਰਫ ਰਾਜੂ ਪੁੱਤਰ ਦਰਸ਼ਨ ਸਿੰਘ. , ਰਾਜਪਾਲ ਪੁੱਤਰ ਸਰੂਪ ਸਿੰਘ , ਅਤੇ ਅਮਨਦੀਪ ਸਿੰਘ ਪੁੱਤਰ ਅਮਰੀਕ ਸਿੰਘ ਖਿਲਾਫ ਭਾਰਤੀ ਨਿਆਇ ਸੰਹਿਤਾ , 2023 ਦੀਆਂ ਧਾਰਾਵਾਂ 115(2), 126(2), 191(3), 190, ਅਤੇ 324(4) ਤਹਿਤ ਮਾਮਲਾ ਦਰਜ ਕਰਕੇ ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਤਫਤੀਸ਼ ਜਾਰੀ ਹੈ।







