ਵੱਡੀ ਖ਼ਬਰ: ਪ੍ਰਸਿਧ ਮਣੀਪੁਰੀ ਸੰਗੀਤਕਾਰ ਦਾ ਬੇਰਹਿਮੀ ਨਾਲ ਕਤ*ਲ; 7 ਗ੍ਰਿਫ਼ਤਾਰ
ਨਵੀਂ ਦਿੱਲੀ, 8 ਸਤੰਬਰ 2026
ਦਿੱਲੀ ਦੇ ਕਿਲੋਕਰੀ ਪਿੰਡ ਵਿੱਚ ਮਣੀਪੁਰ ਨਾਲ ਸਬੰਧਤ 54 ਸਾਲਾ ਸੰਗੀਤਕਾਰ ਦੀ ਕੁੱਟਮਾਰ ਕਰਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਇੱਕ ਨਾਬਾਲਗ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਪੁਲਿਸ ਮੁਤਾਬਕ ਮ੍ਰਿਤਕ ਦੀ ਪਛਾਣ ਸੀ. ਵਿਕਰਮ ਸਿੰਘ ਵਜੋਂ ਹੋਈ ਹੈ, ਜੋ ਕਈ ਸਾਲਾਂ ਤੋਂ ਕਿਲੋਕਰੀ ਪਿੰਡ ਵਿੱਚ ਰਹਿ ਰਹੇ ਸਨ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸੋਮਵਾਰ ਤੜਕੇ ਕੁਝ ਲੋਕ ਉਨ੍ਹਾਂ ਦੇ ਅਪਾਰਟਮੈਂਟ ਦੇ ਬਾਹਰ ਸ਼ਰਾਬ ਪੀ ਕੇ ਕਥਿਤ ਤੌਰ ’ਤੇ ਸ਼ੋਰ-ਸ਼ਰਾਬਾ ਕਰ ਰਹੇ ਸਨ। ਵਿਕਰਮ ਸਿੰਘ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ, ਜਿਸ ਤੋਂ ਬਾਅਦ ਵਿਵਾਦ ਵਧ ਗਿਆ।
ਦੋਸ਼ ਹੈ ਕਿ ਡਿਲੀਵਰੀ ਕਰਮਚਾਰੀਆਂ ਅਤੇ ਇੱਕ ਢਾਬੇ ਦੇ ਸਟਾਫ ਨਾਲ ਸਬੰਧਤ ਵਿਅਕਤੀਆਂ ਨੇ ਵਿਕਰਮ ਸਿੰਘ ’ਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਹਮਲੇ ਵਿੱਚ ਗੰਭੀਰ ਜ਼ਖ਼ਮੀ ਹੋਏ ਵਿਕਰਮ ਸਿੰਘ ਨੂੰ ਉਨ੍ਹਾਂ ਦੇ ਪੁੱਤਰ ਯਾਈਫਾਬਾ ਵੱਲੋਂ ਹੋਲੀ ਫੈਮਿਲੀ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।
ਦੂਜੇ ਪਾਸੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਘਟਨਾ ਦੇ ਸਾਰੇ ਪੱਖਾਂ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਪੁਲਿਸ ਨੇ ਇਸ ਮਾਮਲੇ ਵਿੱਚ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ, ਜਦਕਿ ਇੱਕ ਨਾਬਾਲਗ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।







