ਭਾਜਪਾ ਲੀਡਰ ਨੇ CJP ਆਗੂਆਂ ਵਿਰੁੱਧ ਕੋਰਟ ’ਚ ਦਾਇਰ ਕੀਤਾ ਮਾਣਹਾਨੀ ਦਾ ਮੁਕੱਦਮਾ
ਨਵੀਂ ਦਿੱਲੀ 9 ਸਤੰਬਰ 2026
ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਆਗੂ ਅਤੇ ਸੀਨੀਅਰ ਵਕੀਲ ਗੌਰਵ ਭਾਟੀਆ ਨੇ ਸੋਸ਼ਲ ਮੀਡੀਆ ’ਤੇ ਕਥਿਤ ਤੌਰ ’ਤੇ ਇਤਰਾਜ਼ਯੋਗ ਅਤੇ ਮਾਣਹਾਨੀ-ਕੁੰਨ ਪੋਸਟਾਂ ਪ੍ਰਕਾਸ਼ਿਤ ਕਰਨ ਦੇ ਮਾਮਲੇ ਵਿੱਚ ਦਿੱਲੀ ਹਾਈ ਕੋਰਟ ਦਾ ਰੁਖ ਕੀਤਾ ਹੈ। ਉਨ੍ਹਾਂ ਨੇ ਕਾਕਰੋਚ ਜਨਤਾ ਪਾਰਟੀ (CJP), ਇਸ ਦੇ ਆਗੂ ਅਭਿਜੀਤ ਦੀਪਕੇ ਅਤੇ ਆਸ਼ੂਤੋਸ਼ ਰੰਕਾ ਤੋਂ ਇਲਾਵਾ ਸੌਰਵ ਦਾਸ ਖ਼ਿਲਾਫ਼ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਹੈ।
ਭਾਟੀਆ ਨੇ ਪਟੀਸ਼ਨ ਰਾਹੀਂ ਕਥਿਤ ਤੌਰ ’ਤੇ ਉਨ੍ਹਾਂ ਬਾਰੇ ਕੀਤੀ ਗਈ ਮਾਣਹਾਨੀਕੁੰਨ ਸਮੱਗਰੀ ਨੂੰ ਸੋਸ਼ਲ ਮੀਡੀਆ ਜਾਂ ਹੋਰ ਮਾਧਿਅਮਾਂ ਰਾਹੀਂ ਪ੍ਰਕਾਸ਼ਿਤ, ਸਾਂਝਾ ਜਾਂ ਪ੍ਰਸਾਰਿਤ ਕਰਨ ਤੋਂ ਰੋਕਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਮੁਆਵਜ਼ੇ ਵਜੋਂ 2 ਕਰੋੜ ਰੁਪਏ ਦੀ ਰਕਮ ਦੀ ਮੰਗ ਵੀ ਕੀਤੀ ਹੈ।
ਪਟੀਸ਼ਨ ਵਿੱਚ ਭਾਟੀਆ ਨੇ ਦੋਸ਼ ਲਾਇਆ ਹੈ ਕਿ ਮੁਲਜ਼ਮ ਧਿਰਾਂ ਵੱਲੋਂ ਸੋਸ਼ਲ ਮੀਡੀਆ ’ਤੇ ਕੀਤੀਆਂ ਗਈਆਂ ਪੋਸਟਾਂ ਨਾਲ ਉਨ੍ਹਾਂ ਦੀ ਸਾਖ਼ ਅਤੇ ਅਕਸ ਨੂੰ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਨੇ ਅਦਾਲਤ ਤੋਂ ਕਥਿਤ ਮਾਣਹਾਨੀਕੁੰਨ ਸਮੱਗਰੀ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਹੁਕਮ ਜਾਰੀ ਕਰਨ ਦੀ ਵੀ ਮੰਗ ਕੀਤੀ ਹੈ।
ਦੱਸਦੇ ਚੱਲੀਏ ਕਿ ਮਾਮਲੇ ਵਿੱਚ ਦਿੱਲੀ ਹਾਈ ਕੋਰਟ ਵੱਲੋਂ ਅਗਲੀ ਕਾਰਵਾਈ ਦੌਰਾਨ ਸਬੰਧਤ ਧਿਰਾਂ ਦਾ ਪੱਖ ਸੁਣਿਆ ਜਾਵੇਗਾ।







