ਕੈਨੇਡਾ ’ਚ ਭਿਆਨਕ ਸੜਕ ਹਾਦਸਾ: ਟਾਂਡਾ ਦੇ 20 ਸਾਲਾ ਨੌਜਵਾਨ ਦੀ ਕਾਰ ’ਚ ਸੜ ਕੇ ਮੌਤ
ਟਾਂਡਾ/ਓਟਾਵਾ 11 ਸਤੰਬਰ 2026
ਕੈਨੇਡਾ ਦੀ ਰਾਜਧਾਨੀ ਓਟਾਵਾ ਵਿੱਚ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਹੁਸ਼ਿਆਰਪੁਰ ਦੇ ਟਾਂਡਾ ਇਲਾਕੇ ਨਾਲ ਸਬੰਧਤ 20 ਸਾਲਾ ਨੌਜਵਾਨ ਬ੍ਰਹਮਜੋਤ ਸਿੰਘ ਦੀ ਮੌਤ ਹੋ ਗਈ। ਦੋ ਸਾਲ ਪਹਿਲਾਂ ਬਿਹਤਰ ਭਵਿੱਖ ਦੀ ਭਾਲ ਵਿੱਚ ਕੈਨੇਡਾ ਗਏ ਬ੍ਰਹਮਜੋਤ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਟਾਂਡਾ ਇਲਾਕੇ ਵਿੱਚ ਸੋਗ ਦੀ ਲਹਿਰ ਹੈ।
ਜਾਣਕਾਰੀ ਅਨੁਸਾਰ ਹਾਦਸਾ ਬੁੱਧਵਾਰ ਤੜਕੇ ਓਟਾਵਾ ਦੇ ਦੱਖਣ-ਪੱਛਮੀ ਖੇਤਰ ਵਿੱਚ ਫਾਲੋਫੀਲਡ ਰੋਡ ਅਤੇ ਓਲਡ ਰਿਚਮੰਡ ਰੋਡ ਦੇ ਚੌਰਾਹੇ ’ਤੇ ਵਾਪਰਿਆ। ਪੁਲਿਸ ਮੁਤਾਬਕ ਬ੍ਰਹਮਜੋਤ ਸਿੰਘ ਦੀ ਹੋਂਡਾ ਸੀ.ਆਰ.ਵੀ. ਦੀ ਇੱਕ ਕੀਆ ਸੋਰੇਂਟੋ ਨਾਲ ਜ਼ਬਰਦਸਤ ਟੱਕਰ ਹੋ ਗਈ। ਟੱਕਰ ਤੋਂ ਬਾਅਦ ਦੋਵੇਂ ਵਾਹਨ ਸੜਕ ਤੋਂ ਹੇਠਾਂ ਜਾ ਡਿੱਗੇ ਅਤੇ ਅੱਗ ਦੀ ਲਪੇਟ ਵਿੱਚ ਆ ਗਏ।
ਗੰਭੀਰ ਸੱਟਾਂ ਕਾਰਨ ਬ੍ਰਹਮਜੋਤ ਵਾਹਨ ਵਿੱਚੋਂ ਬਾਹਰ ਨਹੀਂ ਨਿਕਲ ਸਕਿਆ। ਅੱਗ ਬੁਝਾਉਣ ਤੋਂ ਬਾਅਦ ਫਾਇਰ ਸਰਵਿਸਿਜ਼ ਨੇ ਹੋਂਡਾ ਦੀ ਅਗਲੀ ਸੀਟ ਤੋਂ ਉਸ ਦੀ ਮ੍ਰਿਤਕ ਦੇਹ ਬਰਾਮਦ ਕੀਤੀ। ਦੂਜੇ ਵਾਹਨ ਦੇ ਡਰਾਈਵਰ ਨੂੰ ਬਚਾ ਕੇ ਗੰਭੀਰ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਨੇ ਸੜਕ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਈ ਹੈ। ਉਨ੍ਹਾਂ ਮੁਤਾਬਕ ਇੱਕ ਸਾਲ ਅੰਦਰ ਇੱਥੇ ਇਹ ਦੂਜਾ ਵੱਡਾ ਹਾਦਸਾ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।







