ਪੰਜਾਬ ’ਚ CM ਚਿਹਰਾ ਐਲਾਨ ਨਹੀਂ ਕਰੇਗੀ ਕਾਂਗਰਸ: ਸਚਿਨ ਪਾਇਲਟ

Top Trending News ਪੰਜਾਬ

  • ਪੰਜਾਬ ’ਚ CM ਚਿਹਰਾ ਐਲਾਨ ਨਹੀਂ ਕਰੇਗੀ ਕਾਂਗਰਸ: ਸਚਿਨ ਪਾਇਲਟ
  • ਕਿਹਾ- ‘ਆਪ’ ਨਾਲ ਮੁੱਖ ਮੁਕਾਬਲਾ; ਰਾਹੁਲ ਗਾਂਧੀ ਦੇ ਚਿਹਰੇ ’ਤੇ ਲੜੇਗੀ ਚੋਣ, ਨਸ਼ਾ ਤੇ ਕਾਨੂੰਨ-ਵਿਵਸਥਾ ਹੋਣਗੇ ਵੱਡੇ ਮੁੱਦੇ

ਚੰਡੀਗੜ੍ਹ; 11 ਸਤੰਬਰ (ਦੇਸ਼ ਕਲਿੱਕ ਬਿਊਰੋ): ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਬਣਨ ਤੋਂ ਬਾਅਦ ਸਚਿਨ ਪਾਇਲਟ ਜਲਦ ਪੰਜਾਬ ਦਾ ਦੌਰਾ ਕਰਨ ਵਾਲੇ ਹਨ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਸਿਆਸੀ ਮੁੱਦਿਆਂ ’ਤੇ ਖੁੱਲ੍ਹ ਕੇ ਆਪਣੀ ਰਣਨੀਤੀ ਸਪੱਸ਼ਟ ਕੀਤੀ ਹੈ। ਪਾਇਲਟ ਨੇ ਕਿਹਾ ਕਿ ਕਾਂਗਰਸ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਦਾ ਚਿਹਰਾ ਐਲਾਨ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਪੰਜਾਬ ਵਿੱਚ ਰਾਹੁਲ ਗਾਂਧੀ ਦੇ ਚਿਹਰੇ ’ਤੇ ਚੋਣ ਲੜੇਗੀ ਅਤੇ ਪਾਰਟੀ ਦੇ ਸਾਰੇ ਆਗੂ ਇਕਜੁੱਟ ਹੋ ਕੇ ਚੋਣ ਮੈਦਾਨ ਵਿੱਚ ਉਤਰਣਗੇ।

‘ਆਪ’ ਨਾਲ ਹੋਵੇਗਾ ਮੁੱਖ ਮੁਕਾਬਲਾ
ਸਚਿਨ ਪਾਇਲਟ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦਾ ਮੁੱਖ ਮੁਕਾਬਲਾ ਸੱਤਾਧਾਰੀ ਆਮ ਆਦਮੀ ਪਾਰਟੀ ਨਾਲ ਹੈ। ਉਨ੍ਹਾਂ ਕਿਹਾ ਕਿ ‘ਆਪ’ ਇਸ ਸਮੇਂ ਸੂਬੇ ਵਿੱਚ ਸੱਤਾ ’ਤੇ ਕਾਬਜ਼ ਹੈ, ਜਦਕਿ ਕਾਂਗਰਸ ਮੁੱਖ ਵਿਰੋਧੀ ਪਾਰਟੀ ਦੀ ਭੂਮਿਕਾ ਨਿਭਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਬਾਰੇ ਪਾਇਲਟ ਨੇ ਕਿਹਾ ਕਿ ਇਹ ਹੁਣ ਪਹਿਲਾਂ ਵਾਲਾ ਪ੍ਰਕਾਸ਼ ਸਿੰਘ ਬਾਦਲ ਵਾਲਾ ਅਕਾਲੀ ਦਲ ਨਹੀਂ ਰਿਹਾ। ਉਨ੍ਹਾਂ ਦਾਅਵਾ ਕੀਤਾ ਕਿ ਅਕਾਲੀ ਦਲ ਕਈ ਧੜਿਆਂ ਵਿੱਚ ਵੰਡਿਆ ਜਾ ਚੁੱਕਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਇਕੱਠੇ ਹੋ ਕੇ ਆਪਣੀ ਸਿਆਸੀ ਹੋਂਦ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਨਸ਼ਾ ਤੇ ਕਾਨੂੰਨ-ਵਿਵਸਥਾ ਹੋਣਗੇ ਚੋਣੀ ਮੁੱਦੇ
ਪਾਇਲਟ ਨੇ ਕਿਹਾ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਨਸ਼ਾ ਅਤੇ ਕਾਨੂੰਨ-ਵਿਵਸਥਾ ਵੱਡੇ ਚੋਣੀ ਮੁੱਦੇ ਹੋਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਸਰਕਾਰ ਨੂੰ ਘੇਰੇਗੀ ਅਤੇ ਲੋਕਾਂ ਦੇ ਸਾਹਮਣੇ ਆਪਣਾ ਪੱਖ ਰੱਖੇਗੀ।