ਹਾਈ ਰਿਸਕ ਗਰਭਵਤੀ ਮਾਵਾਂ ਦੀ ਸਿਹਤ ਸੁਰੱਖਿਆ ਲਈ ਜਾਗਰੂਕਤਾ ਮੁਹਿੰਮ, ਨਿਯਮਤ ਜਾਂਚ ਅਤੇ ਪੋਸ਼ਟਿਕ ਖੁਰਾਕ ’ਤੇ ਜ਼ੋਰ
ਬਠਿੰਡਾ 12 ਸਤੰਬਰ 2026
ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਆਮ ਆਦਮੀ ਕਲੀਨਿਕ/ਸਬ-ਸੈਂਟਰ ਢਪਾਲੀ ਵਿਖੇ ਹਾਈ ਰਿਸਕ ਗਰਭਵਤੀ ਮਾਵਾਂ ਦੀ ਸਿਹਤ ਸੁਰੱਖਿਆ ਸਬੰਧੀ ਜਾਗਰੂਕਤਾ ਗਤੀਵਿਧੀ ਕਰਵਾਈ ਗਈ। ਇਸ ਦੌਰਾਨ ਗਰਭ ਅਵਸਥਾ ਵਿੱਚ ਲੋੜੀਂਦੀਆਂ ਸਿਹਤ ਸੇਵਾਵਾਂ, ਸਾਵਧਾਨੀਆਂ, ਪੋਸ਼ਟਿਕ ਖੁਰਾਕ ਅਤੇ ਖਤਰੇ ਦੇ ਸੰਕੇਤਾਂ ਬਾਰੇ ਜਾਣਕਾਰੀ ਦਿੱਤੀ ਗਈ।
ਡਾ. ਵੰਸੀਕਾ ਨੇ ਕਿਹਾ ਕਿ ਮਾਂ ਅਤੇ ਹੋਣ ਵਾਲੇ ਬੱਚੇ ਦੀ ਸਿਹਤ ਲਈ ਗਰਭ ਅਵਸਥਾ ਦੌਰਾਨ ਨਿਯਮਤ ਸਿਹਤ ਜਾਂਚ, ਸਮੇਂ ਸਿਰ ਟੀਕਾਕਰਨ ਅਤੇ ਸੰਤੁਲਿਤ ਖੁਰਾਕ ਬੇਹੱਦ ਜ਼ਰੂਰੀ ਹੈ। ਹਾਈ ਰਿਸਕ ਗਰਭਵਤੀ ਮਾਵਾਂ ਦੀ ਵਿਸ਼ੇਸ਼ ਨਿਗਰਾਨੀ ਕਰਕੇ ਉਨ੍ਹਾਂ ਨੂੰ ਸਮੇਂ ਸਿਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਸਿਹਤ ਵਿਭਾਗ ਦੀ ਪ੍ਰਮੁੱਖ ਤਰਜੀਹ ਹੈ।
ਜ਼ਿਲ੍ਹਾ ਬੀ.ਸੀ.ਸੀ. ਨਰਿੰਦਰ ਕੁਮਾਰ ਨੇ ਹੱਥ ਧੋਣ ਦੀ ਸਹੀ ਵਿਧੀ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਭੋਜਨ ਬਣਾਉਣ ਜਾਂ ਖਾਣ ਤੋਂ ਪਹਿਲਾਂ ਅਤੇ ਪਖਾਨੇ ਦੀ ਵਰਤੋਂ ਤੋਂ ਬਾਅਦ ਸਾਬਣ ਤੇ ਸਾਫ਼ ਪਾਣੀ ਨਾਲ ਹੱਥ ਧੋਣੇ ਚਾਹੀਦੇ ਹਨ। ਗਰਭਵਤੀ ਮਾਵਾਂ ਨੂੰ ਹਰੀਆਂ ਸਬਜ਼ੀਆਂ, ਮੌਸਮੀ ਫਲ, ਦਾਲਾਂ, ਦੁੱਧ ਅਤੇ ਪੋਸ਼ਟਿਕ ਭੋਜਨ ਲੈਣ ਦੀ ਸਲਾਹ ਦਿੱਤੀ ਗਈ। ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।







