BREAKING- ਲੁਧਿਆਣਾ ‘ਚ AAP ਵਿਧਾਇਕਾ ਅਤੇ ਟਿੱਪਰ ਚਾਲਕ ਵਿਚਾਲੇ ਹੰਗਾਮਾ, ਥੱਪੜ ਮਾਰਨ ਦੇ ਦੋਸ਼ਾਂ ਤੋਂ ਬਾਅਦ ਚਾਲਕਾਂ ਨੇ ਲਾਇਆ ਧਰਨਾ

Top Trending News ਪੰਜਾਬ

 

BREAKING- ਲੁਧਿਆਣਾ ‘ਚ AAP ਵਿਧਾਇਕਾ ਅਤੇ ਟਿੱਪਰ ਚਾਲਕ ਵਿਚਾਲੇ ਹੰਗਾਮਾ, ਥੱਪੜ ਮਾਰਨ ਦੇ ਦੋਸ਼ਾਂ ਤੋਂ ਬਾਅਦ ਚਾਲਕਾਂ ਨੇ ਲਾਇਆ ਧਰਨਾ

ਲੁਧਿਆਣਾ, 15 ਸਤੰਬਰ 2026- ਲੁਧਿਆਣਾ ਦੇ ਡਾਬਾ ਰੋਡ ’ਤੇ ਬੀਤੀ ਸ਼ਾਮ ਆਮ ਆਦਮੀ ਪਾਰਟੀ (AAP) ਦੀ ਮਹਿਲਾ ਵਿਧਾਇਕਾ ਰਜਿੰਦਰ ਕੌਰ ਛੀਨਾ ਅਤੇ ਇੱਕ ਟਿੱਪਰ ਚਾਲਕ ਵਿਚਾਲੇ ਹੋਈ ਤਿੱਖੀ ਤਕਰਾਰ ਤੋਂ ਬਾਅਦ ਇਲਾਕੇ ਵਿੱਚ ਤਣਾਅ ਦਾ ਮਾਹੌਲ ਬਣ ਗਿਆ। ਇਸ ਪੂਰੀ ਘਟਨਾ ਤੋਂ ਬਾਅਦ ਟਿੱਪਰ ਚਾਲਕ ਵੱਲੋਂ ਵਿਧਾਇਕਾ ’ਤੇ ਥੱਪੜ ਮਾਰਨ ਦਾ ਗੰਭੀਰ ਦੋਸ਼ ਲਗਾਇਆ ਗਿਆ ਹੈ, ਜਦਕਿ ਵਿਧਾਇਕਾ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਦੱਸਦਿਆਂ ਸਿਰੇ ਤੋਂ ਨਕਾਰ ਦਿੱਤਾ ਹੈ।

ਮਿਲੀ ਜਾਣਕਾਰੀ ਅਨੁਸਾਰ ਇਹ ਸਾਰਾ ਮਾਮਲਾ ਟਿੱਪਰ ਦੀ ਤੇਜ਼ ਰਫ਼ਤਾਰ ਨਾਲ ਜੁੜਿਆ ਹੋਇਆ ਹੈ। ਦੱਸਿਆ ਜਾ ਰਹਾ ਹੈ ਕਿ ਵਿਧਾਇਕਾ ਰਜਿੰਦਰ ਕੌਰ ਛੀਨਾ ਨੇ ਟਿੱਪਰ ਚਾਲਕ ਨੂੰ ਰਿਹਾਇਸ਼ੀ ਅਤੇ ਭੀੜ-ਭੜੱਕੇ ਵਾਲੇ ਖੇਤਰ ਵਿੱਚ ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਣ ‘ਤੇ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਇਸੇ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਬਹਿਸਬਾਜ਼ੀ ਸ਼ੁਰੂ ਹੋ ਗਈ, ਜੋ ਦੇਖਦਿਆਂ ਹੀ ਦੇਖਦਿਆਂ ਕਾਫ਼ੀ ਵਧ ਗਈ। ਇਸ ਘਟਨਾ ਦੀ ਪੂਰੀ ਵੀਡੀਓ ਉੱਥੇ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿੱਚ ਕੈਦ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ।

ਤਕਰਾਰ ਤੋਂ ਬਾਅਦ ਟਿੱਪਰ ਚਾਲਕ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਇਸ ਕਾਰਵਾਈ ਤੋਂ ਭੜਕੇ ਹੋਰ ਟਿੱਪਰ ਚਾਲਕਾਂ ਨੇ ਇੱਕਜੁੱਟ ਹੋ ਕੇ ਬੀਤੀ ਰਾਤ ਲੁਧਿਆਣਾ ਦੇ ਗਿੱਲ ਰੋਡ ’ਤੇ ਵਿਸ਼ਾਲ ਧਰਨਾ ਦਿੱਤਾ ਅਤੇ ਪ੍ਰਸ਼ਾਸਨ ਵਿਰੁੱਧ ਜ਼ੋਰਦਾਰ ਰੋਸ ਪ੍ਰਗਟਾਇਆ। ਧਰਨੇ ਕਾਰਨ ਕੁਝ ਸਮੇਂ ਲਈ ਆਵਾਜਾਈ ਵੀ ਪ੍ਰਭਾਵਿਤ ਹੋਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਨੂੰ ਸ਼ਾਂਤ ਕਰਵਾਇਆ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ ’ਤੇ ਸੱਚਾਈ ਦਾ ਪਤਾ ਲਗਾ ਕੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।