Breaking: ਨਕਲੀ ਘਿਓ ਬਣਾਉਣ ਵਾਲੇ ਗਿਰੋਹ ’ਤੇ ਪੁਲਿਸ ਦਾ ਸ਼ਿਕੰਜਾ, 222 ਕਿਲੋਗ੍ਰਾਮ ਘਿਓ ਬਰਾਮਦ
ਨਵੀਂ ਦਿੱਲੀ 30 ਅਕਤੂਬਰ 2026
ਦੀਵਾਲੀ ਦੇ ਤਿਉਹਾਰ ਮੌਕੇ ਘਿਓ ਦੀ ਵਧੀ ਮੰਗ ਦਰਮਿਆਨ ਦਿੱਲੀ ਪੁਲਿਸ ਨੇ ਨਕਲੀ ਘਿਓ ਤਿਆਰ ਕਰਕੇ ਵੇਚਣ ਵਾਲਿਆਂ ਵਿਰੁੱਧ ਕਾਰਵਾਈ ਕਰਦਿਆਂ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਉੱਤਰ-ਪੂਰਬੀ ਦਿੱਲੀ ਦੇ ਪੁਲਿਸ ਉਪ ਕਮਿਸ਼ਨਰ ਰਾਹੁਲ ਅਲਵਾਲ ਨੇ ਦੱਸਿਆ ਕਿ ਕਰਾਵਲ ਨਗਰ ਥਾਣਾ ਖੇਤਰ ਦੇ ਸ਼ਿਵ ਵਿਹਾਰ ਇਲਾਕੇ ਵਿੱਚ ਨਕਲੀ ਘਿਓ ਬਣਾਏ ਜਾਣ ਦੀ ਸੂਚਨਾ ਮਿਲਣ ਤੋਂ ਬਾਅਦ ਛਾਪਾ ਮਾਰਿਆ ਗਿਆ।
ਪੁਲਿਸ ਨੇ ਮੌਕੇ ਤੋਂ 22 ਸਾਲਾ ਮੁਹੰਮਦ ਸਮੀਰ ਨੂੰ ਕਾਬੂ ਕੀਤਾ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਕਥਿਤ ਤੌਰ ’ਤੇ ਸੋਇਆਬੀਨ ਦੇ ਪਾਊਡਰ ਅਤੇ ਜੈਲੇਟਿਨ ਨੂੰ ਮਿਲਾ ਕੇ, ਉਸ ਮਿਸ਼ਰਣ ਨੂੰ ਉਬਾਲਣ ਅਤੇ ਠੰਢਾ ਕਰਨ ਮਗਰੋਂ ਘਿਓ ਵਰਗਾ ਪਦਾਰਥ ਤਿਆਰ ਕਰ ਰਿਹਾ ਸੀ।
ਪੁਲਿਸ ਨੇ ਕਾਰਵਾਈ ਦੌਰਾਨ ਕੁੱਲ 222 ਕਿਲੋਗ੍ਰਾਮ ਘਿਓ ਜ਼ਬਤ ਕੀਤਾ ਹੈ। ਖਾਧ ਸੁਰੱਖਿਆ ਵਿਭਾਗ ਦੇ ਇੱਕ ਨਿਰੀਖਕ ਦੀ ਮਦਦ ਨਾਲ ਬਰਾਮਦ ਕੀਤੇ ਪਦਾਰਥ ਦੇ ਨਮੂਨੇ ਲਏ ਗਏ ਹਨ, ਜਿਨ੍ਹਾਂ ਨੂੰ ਜਾਂਚ ਲਈ ਪ੍ਰਯੋਗਸ਼ਾਲਾ ਭੇਜਿਆ ਗਿਆ ਹੈ। ਪੁਲਿਸ ਨੇ ਕਿਹਾ ਕਿ ਇਸ ਮਾਮਲੇ ਵਿੱਚ ਸ਼ਾਮਲ ਹੋਰ ਵਿਅਕਤੀਆਂ ਅਤੇ ਕੱਚਾ ਮਾਲ ਮੁਹੱਈਆ ਕਰਵਾਉਣ ਵਾਲਿਆਂ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ।







