Flood Alert: ਭੂਟਾਨ ’ਚ ਗਲੇਸ਼ੀਅਰ ਝੀਲ ਫਟਣ ਕਾਰਨ 2 ਸੂਬਿਆਂ ’ਚ ਹਾਈ ਅਲਰਟ, ਨੀਵੇਂ ਇਲਾਕਿਆਂ ’ਚੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ

Top Trending News ਰਾਸ਼ਟਰੀ

 

Flood Alert: ਭੂਟਾਨ ’ਚ ਗਲੇਸ਼ੀਅਰ ਝੀਲ ਫਟਣ ਕਾਰਨ 2 ਸੂਬਿਆਂ ’ਚ ਹਾਈ ਅਲਰਟ, ਨੀਵੇਂ ਇਲਾਕਿਆਂ ’ਚੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ

ਨਵੀਂ ਦਿੱਲੀ 30 ਅਕਤੂਬਰ 2026

ਭੂਟਾਨ ਵਿੱਚ ਇੱਕ ਗਲੇਸ਼ੀਅਰ ਝੀਲ ਫਟਣ ਤੋਂ ਬਾਅਦ ਭਾਰਤ ਦੇ ਅਸਾਮ ਅਤੇ ਪੱਛਮੀ ਬੰਗਾਲ ਸੂਬਿਆਂ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਭੂਟਾਨ ਦੇ ਲੇਮਥਾਂਗ ਇਲਾਕੇ ਵਿੱਚ ਵੀਰਵਾਰ ਰਾਤ ਨੂੰ ਗਲੇਸ਼ੀਅਰ ਝੀਲ ਫਟ ਗਈ, ਜਿਸ ਕਾਰਨ ਪਾਣੀ ਦਾ ਤੇਜ਼ ਵਹਾਅ ਹੇਠਲੇ ਇਲਾਕਿਆਂ ਵੱਲ ਵਧ ਰਿਹਾ ਹੈ। ਇਸ ਘਟਨਾ ਤੋਂ ਬਾਅਦ ਸੰਭਾਵੀ ਹੜ੍ਹਾਂ ਦੇ ਖ਼ਤਰੇ ਨੂੰ ਦੇਖਦਿਆਂ ਪ੍ਰਸ਼ਾਸਨ ਵੱਲੋਂ ਚੌਕਸੀ ਵਧਾ ਦਿੱਤੀ ਗਈ ਹੈ।

ਜਾਣਕਾਰੀ ਅਨੁਸਾਰ, ਪੱਛਮੀ ਬੰਗਾਲ ਵਿੱਚ ਸੰਕੋਸ਼ ਨਦੀ ਦੇ ਕੰਢੇ ਵੱਸਦੇ ਲੋਕਾਂ ਅਤੇ ਅਸਾਮ ਦੇ ਸਰਹੱਦੀ ਇਲਾਕਿਆਂ ਦੇ ਵਸਨੀਕਾਂ ਨੂੰ ਸਾਵਧਾਨੀ ਵਜੋਂ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਜਾ ਰਿਹਾ ਹੈ। ਭੂਟਾਨ ਵੱਲੋਂ ਭਾਰਤ ਨੂੰ ਹੇਠਲੇ ਇਲਾਕਿਆਂ ਵਿੱਚ ਅਚਾਨਕ ਹੜ੍ਹ (ਫਲੈਸ਼ ਫਲੱਡ) ਆਉਣ ਦੀ ਸੰਭਾਵਨਾ ਬਾਰੇ ਚਿਤਾਵਨੀ ਦਿੱਤੀ ਗਈ ਹੈ।

ਇਸ ਦਾ ਅਸਰ ਉੱਤਰੀ ਬੰਗਾਲ ਦੇ ਜ਼ਿਲ੍ਹਿਆਂ ਅਤੇ ਭੂਟਾਨ ਦੀ ਸਰਹੱਦ ਨਾਲ ਲੱਗਦੇ ਹੇਠਲੇ ਅਸਾਮ ਦੇ ਇਲਾਕਿਆਂ ਵਿੱਚ ਪੈਣ ਦਾ ਖ਼ਦਸ਼ਾ ਹੈ। ਪ੍ਰਸ਼ਾਸਨ ਵੱਲੋਂ ਦਾਰਜੀਲਿੰਗ ਦੀਆਂ ਪਹਾੜੀਆਂ, ਤਰਾਈ ਅਤੇ ਡੁਆਰਜ਼ ਖੇਤਰਾਂ ਦੇ ਲੋਕਾਂ ਨੂੰ ਖ਼ਾਸ ਤੌਰ ’ਤੇ ਚੌਕਸ ਰਹਿਣ ਦੀ ਅਪੀਲ ਕੀਤੀ ਗਈ ਹੈ। ਲੋਕਾਂ ਨੂੰ ਨਦੀਆਂ ਅਤੇ ਨੀਵੇਂ ਇਲਾਕਿਆਂ ਤੋਂ ਦੂਰ ਰਹਿਣ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ।