ਪ੍ਰਯਾਗਰਾਜ ਵਿੱਚ ਜ਼ਮੀਨ ਹੇਠਾਂ ਦੱਬੇ ਨੀਲੇ ਡਰੰਮਾਂ ’ਚੋਂ ਕਰੋੜਾਂ ਰੁਪਏ ਬਰਾਮਦ, ਘਰ ਸੀਲ

Top Trending News ਰਾਸ਼ਟਰੀ
  • ਪ੍ਰਯਾਗਰਾਜ ਵਿੱਚ ਜ਼ਮੀਨ ਹੇਠਾਂ ਦੱਬੇ ਨੀਲੇ ਡਰੰਮਾਂ ’ਚੋਂ ਕਰੋੜਾਂ ਰੁਪਏ ਬਰਾਮਦ, ਘਰ ਸੀਲ

ਪ੍ਰਯਾਗਰਾਜ, 29 ਅਕਤੂਬਰ (ਦੇਸ਼ ਕਲਿੱਕ ਬਿਊਰੋ): ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਪੁਲਿਸ ਨੇ ਇੱਕ ਘਰ ਵਿੱਚ ਜ਼ਮੀਨ ਹੇਠਾਂ ਦੱਬੇ ਤਿੰਨ ਨੀਲੇ ਡਰੰਮਾਂ ਵਿੱਚੋਂ ਕਰੋੜਾਂ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਰਿਪੋਰਟਾਂ ਮੁਤਾਬਕ, ਇਨ੍ਹਾਂ ਡਰੰਮਾਂ ਵਿੱਚ 500-500 ਰੁਪਏ ਦੇ ਨੋਟਾਂ ਦੀਆਂ ਗੱਡੀਆਂ ਕੱਪੜਿਆਂ ਵਿੱਚ ਲਪੇਟ ਕੇ ਰੱਖੀਆਂ ਗਈਆਂ ਸਨ। ਮਾਮਲਾ ਪ੍ਰਯਾਗਰਾਜ ਤੋਂ ਕਰੀਬ 32 ਕਿਲੋਮੀਟਰ ਦੂਰ ਨਵਾਬਗੰਜ ਇਲਾਕੇ ਦੇ ਬਰਈਪੁਰ ਪਿੰਡ ਦਾ ਹੈ, ਜਿੱਥੇ ਪੁਲਿਸ ਨੇ ਬੁੱਧਵਾਰ ਰਾਤ ਨੂੰ ਛਾਪਾ ਮਾਰਿਆ।

ਜਿਸ ਘਰ ਵਿੱਚੋਂ ਨਕਦੀ ਮਿਲੀ, ਉਹ ਰਾਕੇਸ਼ ਯਾਦਵ ਉਰਫ਼ ਮਹਾਕਾਲ ਦਾ ਪੁਸ਼ਤੈਨੀ ਘਰ ਹੈ। ਦੱਸਿਆ ਜਾ ਰਿਹਾ ਹੈ ਕਿ ਕਰੀਬ ਪੰਜ-ਛੇ ਦਿਨ ਪਹਿਲਾਂ ਰਾਕੇਸ਼ ਦਾ ਗੁਆਂਢ ਵਿੱਚ ਰਹਿਣ ਵਾਲੇ ਕੁਝ ਲੋਕਾਂ ਨਾਲ ਝਗੜਾ ਹੋਇਆ ਸੀ। ਇਸ ਮਾਮਲੇ ਵਿੱਚ ਉਸ ਖ਼ਿਲਾਫ਼ ਐੱਫਆਈਆਰ ਦਰਜ ਹੋਈ ਸੀ। ਪੁਲਿਸ ਜਦੋਂ ਕਾਰਵਾਈ ਲਈ ਪਹੁੰਚੀ ਤਾਂ ਰਾਕੇਸ਼ ਦੀ ਇੱਕ ਸਬ-ਇੰਸਪੈਕਟਰ ਨਾਲ ਬਹਿਸ ਹੋ ਗਈ। ਇਸ ਤੋਂ ਬਾਅਦ ਪੁਲਿਸ ਨੇ ਜਾਂਚ ਤੇਜ਼ ਕੀਤੀ ਅਤੇ ਘਰ ਵਿੱਚ ਨਕਦੀ ਲੁਕਾ ਕੇ ਰੱਖੇ ਜਾਣ ਦੀ ਸੂਚਨਾ ਸਾਹਮਣੇ ਆਈ।

ਪਿੰਡ ਦੀ ਬਿਜਲੀ ਕੱਟ ਕੇ ਮਾਰਿਆ ਛਾਪਾ
ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਰਾਕੇਸ਼ ਦੇ ਘਰ ਵਿੱਚ ਚੋਰੀ ਦੇ ਪੈਸੇ ਜ਼ਮੀਨ ਹੇਠਾਂ ਦੱਬ ਕੇ ਰੱਖੇ ਗਏ ਹਨ। ਇਹ ਜਾਣਕਾਰੀ ਪੁਲਿਸ ਕਮਿਸ਼ਨਰ ਪੀਯੂਸ਼ ਮੋਰਡੀਆ ਤੱਕ ਪਹੁੰਚੀ। ਇਸ ਤੋਂ ਬਾਅਦ ਬੁੱਧਵਾਰ ਸ਼ਾਮ ਕਰੀਬ 6 ਵਜੇ ਡੀਸੀਪੀ (ਗੰਗਾਨਗਰ) ਸੋਨਮ ਕੁਮਾਰ ਅਤੇ ਏਡੀਸੀਪੀ ਪੁਸ਼ਕਰ ਵਰਮਾ ਸਮੇਤ ਪੁਲਿਸ ਟੀਮ ਮੌਕੇ ’ਤੇ ਪਹੁੰਚੀ। ਤਲਾਸ਼ੀ ਸ਼ੁਰੂ ਕਰਨ ਤੋਂ ਪਹਿਲਾਂ ਪੂਰੇ ਪਿੰਡ ਦੀ ਬਿਜਲੀ ਕੱਟ ਦਿੱਤੀ ਗਈ। ਇਸ ਕਾਰਵਾਈ ਦੌਰਾਨ ਸੋਰਾੋਂ ਦੇ ਏਸੀਪੀ ਸ਼ਿਆਮਜੀਤ ਪ੍ਰਮਿਲਾ ਸਿੰਘ ਵੀ ਮੌਜੂਦ ਸਨ।

ਸਾਢੇ ਚਾਰ ਘੰਟੇ ਚੱਲੀ ਤਲਾਸ਼ੀ
ਪੁਲਿਸ ਨੇ ਘਰ ਦੀ ਤਲਾਸ਼ੀ ਦੌਰਾਨ ਜ਼ਮੀਨ ਵਿੱਚ ਦੱਬੇ ਤਿੰਨ ਨੀਲੇ ਡਰੰਮ ਬਰਾਮਦ ਕੀਤੇ। ਇਨ੍ਹਾਂ ਵਿੱਚ ਕੱਪੜਿਆਂ ਵਿੱਚ ਲਪੇਟ ਕੇ ਨੋਟਾਂ ਦੀਆਂ ਗੱਡੀਆਂ ਰੱਖੀਆਂ ਹੋਈਆਂ ਸਨ। ਪੁਲਿਸ ਨੇ ਨਕਦੀ ਆਪਣੇ ਕਬਜ਼ੇ ਵਿੱਚ ਲੈ ਕੇ ਘਰ ਸੀਲ ਕਰ ਦਿੱਤਾ ਅਤੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ। ਕਰੀਬ ਸਾਢੇ ਚਾਰ ਘੰਟੇ ਤੱਕ ਚੱਲੀ ਤਲਾਸ਼ੀ ਤੋਂ ਬਾਅਦ ਪੁਲਿਸ ਰਾਤ ਕਰੀਬ 10:30 ਵਜੇ ਵਾਪਸ ਪਰਤ ਗਈ। ਰਾਕੇਸ਼ ਦੇ ਭਰਾ ਬਬਲੂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲਿਸ ਟੀਮਾਂ ਪਰਿਵਾਰ ਦੇ ਮੈਂਬਰਾਂ ਨੂੰ ਵੀ ਆਪਣੇ ਨਾਲ ਲੈ ਗਈਆਂ। ਘਰ ਦੇ ਆਲੇ-ਦੁਆਲੇ 40 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਘਰ ਦੇ ਨਾਲ ਲੱਗਦੇ ਬਗੀਚੇ ਅਤੇ ਖਾਲੀ ਜ਼ਮੀਨ ਨੂੰ ਵੀ ਘੇਰਿਆ ਗਿਆ ਹੈ।

ਪਿੰਡ ਵਾਸੀਆਂ ਦਾ ਦਾਅਵਾ—ਕੁਝ ਸਾਲਾਂ ਵਿੱਚ ਖਰੀਦੀ 22 ਵਿੱਘੇ ਜ਼ਮੀਨ
ਪਿੰਡ ਵਾਸੀਆਂ ਮੁਤਾਬਕ, ਰਾਕੇਸ਼ ਕਈ ਸਾਲ ਪਹਿਲਾਂ ਪੁਣੇ ਵਿੱਚ ਆਪਣੇ ਜੀਜਾ ਅਤੇ ਸਾਲੇ ਨਾਲ ਰਹਿੰਦਾ ਸੀ, ਜਿੱਥੇ ਉਹ ਇੱਕ ਸਰਾਫ਼ਾ ਵਪਾਰੀ ਦੇ ਘਰ ਕੰਮ ਕਰਦਾ ਸੀ। ਕੋਵਿਡ ਮਹਾਮਾਰੀ ਦੌਰਾਨ ਉਹ ਵਾਪਸ ਆਪਣੇ ਪਿੰਡ ਆ ਗਿਆ। ਇਸ ਤੋਂ ਬਾਅਦ ਉਸ ਨੇ ਕਥਿਤ ਤੌਰ ’ਤੇ 22 ਵਿੱਘੇ ਜ਼ਮੀਨ ਖਰੀਦੀ, ਜਿਸ ਦੀ ਕੀਮਤ 10 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ।

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਸ ਨੇ ਕਰੀਬ ਇੱਕ ਕਰੋੜ ਰੁਪਏ ਖਰਚ ਕੇ ਘਰ ਬਣਵਾਇਆ ਅਤੇ ਦੋ ਟਰੈਕਟਰਾਂ ਤੋਂ ਇਲਾਵਾ ਡੀਜੇ ਤੇ ਪਿਕਅੱਪ ਗੱਡੀ ਵੀ ਖਰੀਦੀ। ਬਾਅਦ ਵਿੱਚ ਉਸ ਨੇ ਪਿੰਡ ਵਿੱਚ ਸੀਮਿੰਟ ਅਤੇ ਸਰੀਏ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ।

ਰਾਕੇਸ਼ ਦੇ ਛੇ ਭਰਾ ਹਨ। ਇਨ੍ਹਾਂ ਵਿੱਚੋਂ ਰਾਕੇਸ਼, ਰਾਜੇਸ਼ ਅਤੇ ਲਵਕੁਸ਼ ਪਿੰਡ ਵਿੱਚ ਰਹਿੰਦੇ ਹਨ, ਜਦਕਿ ਛੋਟੂ, ਰਾਜੇਂਦਰ ਅਤੇ ਅਭਿਸ਼ੇਕ ਬਾਹਰ ਰਹਿੰਦੇ ਹਨ। ਉਨ੍ਹਾਂ ਦੇ ਪਿਤਾ ਰਾਮ ਆਧਾਰ ਦੀ ਮੌਤ ਹੋ ਚੁੱਕੀ ਹੈ।

ਡੀਸੀਪੀ ਗੰਗਾਨਗਰ ਸੋਨਮ ਕੁਮਾਰ ਨੇ ਦੱਸਿਆ ਕਿ ਰਾਤ ਹੋਣ ਕਾਰਨ ਤਲਾਸ਼ੀ ਮੁਹਿੰਮ ਰੋਕ ਦਿੱਤੀ ਗਈ ਸੀ। ਘਰ ਦੇ ਆਲੇ-ਦੁਆਲੇ ਪੁਲਿਸ ਤਾਇਨਾਤ ਹੈ ਅਤੇ ਜ਼ਮੀਨ ਹੇਠਾਂ ਦੱਬੇ ਤਿੰਨ ਡਰੰਮਾਂ ਵਿੱਚੋਂ ਕਰੋੜਾਂ ਰੁਪਏ ਮਿਲੇ ਹਨ। ਨਕਦੀ ਦੇ ਅਸਲ ਸਰੋਤ ਅਤੇ ਮਾਮਲੇ ਨਾਲ ਜੁੜੇ ਹੋਰ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ।