ਵੱਡੀ ਖ਼ਬਰ: ਗੁਜਰਾਤ ’ਚ ਗਊ ਹੱਤਿਆ ਮਾਮਲੇ ’ਚ ਤਿੰਨ ਦੋਸ਼ੀਆਂ ਨੂੰ ਉਮਰ ਕੈਦ, 3 ਲੱਖ ਰੁਪਏ ਜੁਰਮਾਨਾ; ਅਦਾਲਤ ਨੇ ਹਿੰਦੂ ਧਾਰਮਿਕ ਗ੍ਰੰਥਾਂ ਦਾ ਵੀ ਦਿੱਤਾ ਹਵਾਲਾ

Top Trending News ਰਾਸ਼ਟਰੀ

 

ਵੱਡੀ ਖ਼ਬਰ: ਗੁਜਰਾਤ ’ਚ ਗਊ ਹੱਤਿਆ ਮਾਮਲੇ ’ਚ ਤਿੰਨ ਦੋਸ਼ੀਆਂ ਨੂੰ ਉਮਰ ਕੈਦ, 3 ਲੱਖ ਰੁਪਏ ਜੁਰਮਾਨਾ; ਅਦਾਲਤ ਨੇ ਹਿੰਦੂ ਧਾਰਮਿਕ ਗ੍ਰੰਥਾਂ ਦਾ ਵੀ ਦਿੱਤਾ ਹਵਾਲਾ

ਗਾਂਧੀਨਗਰ 30 ਅਕਤੂਬਰ 2026

ਗੁਜਰਾਤ ਦੇ ਗਾਂਧੀਨਗਰ ਜ਼ਿਲ੍ਹੇ ਦੀ ਇੱਕ ਅਦਾਲਤ ਨੇ ਗਊ ਹੱਤਿਆ ਦੇ ਮਾਮਲੇ ਵਿੱਚ ਤਿੰਨ ਵਿਅਕਤੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀਆਂ ਨੂੰ 3 ਲੱਖ ਰੁਪਏ ਜੁਰਮਾਨਾ ਵੀ ਲਗਾਇਆ ਹੈ। ਇਹ ਮਾਮਲਾ 277 ਕਿਲੋਗ੍ਰਾਮ ਬੀਫ ਬਰਾਮਦ ਹੋਣ ਨਾਲ ਸਬੰਧਤ ਹੈ। ਅਦਾਲਤ ਨੇ ਆਪਣੇ ਫ਼ੈਸਲੇ ਵਿੱਚ ਗਊ ਦੀ ਧਾਰਮਿਕ ਅਤੇ ਅਧਿਆਤਮਿਕ ਮਹੱਤਤਾ ਬਾਰੇ ਹਿੰਦੂ ਧਾਰਮਿਕ ਗ੍ਰੰਥਾਂ, ਖ਼ਾਸ ਕਰਕੇ ਮਨੂਸਮ੍ਰਿਤੀ ਅਤੇ ਵੇਦਾਂ ਦੇ ਹਵਾਲੇ ਵੀ ਦਿੱਤੇ।

ਵਧੀਕ ਸੈਸ਼ਨ ਜੱਜ ਬੀ.ਆਰ. ਰਾਜਪੂਤ ਨੇ ਸੋਮਵਾਰ, 26 ਅਕਤੂਬਰ 2026 ਨੂੰ ਸੁਣਾਏ ਫ਼ੈਸਲੇ ਵਿੱਚ ਵਸੀਮ ਕੁਰੈਸ਼ੀ, ਮੁਹੰਮਦ ਰਫ਼ੀਕ ਕੁਰੈਸ਼ੀ ਅਤੇ ਅਸ਼ਫਾਕ ਬਹੇਲਿਮ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ।

ਫ਼ੈਸਲੇ ਵਿੱਚ ਮਨੂਸਮ੍ਰਿਤੀ ਦਾ ਹਵਾਲਾ ਦਿੰਦਿਆਂ ਅਦਾਲਤ ਨੇ ਕਿਹਾ ਕਿ ਗਊ ਨੂੰ ਸਿਰਫ਼ ਇੱਕ ਪਸ਼ੂ ਵਜੋਂ ਨਹੀਂ ਦੇਖਿਆ ਜਾਂਦਾ, ਸਗੋਂ ਇਸ ਨੂੰ ਭੌਤਿਕ ਖ਼ੁਸ਼ਹਾਲੀ ਅਤੇ ਧਰਮ ਦਾ ਅਹਿਮ ਆਧਾਰ ਮੰਨਿਆ ਗਿਆ ਹੈ। ਅਦਾਲਤ ਅਨੁਸਾਰ, ਰਿਸ਼ੀ ਮਨੂ ਨੇ ਪਸ਼ੂਆਂ ਦੀ ਸੁਰੱਖਿਆ ਅਤੇ ਦੇਖਭਾਲ ਦੀ ਮੁੱਖ ਜ਼ਿੰਮੇਵਾਰੀ ਵੈਸ਼ ਵਰਗ ਨੂੰ ਸੌਂਪੀ ਸੀ। ਇਸ ਤੋਂ ਇਲਾਵਾ, ਵੈਦਿਕ ਵਿਆਹ ਦੀ ਇੱਕ ਰਵਾਇਤੀ ਰੀਤ ‘ਆਰਸ਼ ਵਿਵਾਹ’ ਦੇ ਸੰਦਰਭ ਵਿੱਚ ਗਊ ਅਤੇ ਬਲਦ ਦੀ ਜੋੜੀ ਨੂੰ ਵੀ ਵਿਸ਼ੇਸ਼ ਮਹੱਤਤਾ ਦਿੱਤੀ ਗਈ ਹੈ।

ਅਦਾਲਤ ਨੇ ਵੇਦਾਂ ਅਤੇ ਹੋਰ ਹਿੰਦੂ ਧਾਰਮਿਕ ਗ੍ਰੰਥਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਤਪੱਸਿਆ ਦੀ ਸ਼ਕਤੀ ਨਾਲ ਜਦੋਂ ਅੰਮ੍ਰਿਤ ਦੀਆਂ ਬੂੰਦਾਂ ਧਰਤੀ ’ਤੇ ਡਿੱਗੀਆਂ ਤਾਂ ਦੈਵੀ ਗਊ ਕਾਮਧੇਨੂ ਪ੍ਰਗਟ ਹੋਈ, ਜਿਸ ਨੂੰ ਧਰਤੀ ’ਤੇ ਗਊਆਂ ਦੀਆਂ ਸਾਰੀਆਂ ਨਸਲਾਂ ਦੀ ਜਨਮਦਾਤੀ ਮੰਨਿਆ ਜਾਂਦਾ ਹੈ। ਗਊ ਨੂੰ ‘ਜਗਤ ਮਾਤਾ’ ਦਾ ਦਰਜਾ ਦਿੱਤਾ ਗਿਆ ਹੈ ਅਤੇ ਇਸ ਨੂੰ 33 ਕਰੋੜ ਦੇਵੀ-ਦੇਵਤਿਆਂ ਦਾ ਨਿਵਾਸ ਸਥਾਨ ਮੰਨਿਆ ਜਾਂਦਾ ਹੈ। ਇਸ ਦੀਆਂ ਚਾਰ ਲੱਤਾਂ ਚਾਰ ਵੇਦਾਂ ਦਾ ਪ੍ਰਤੀਕ ਹਨ।

2024 ਵਿੱਚ ਛਾਪੇਮਾਰੀ ਦੌਰਾਨ ਹੋਈ ਸੀ ਬਰਾਮਦਗੀ

ਸਰਕਾਰੀ ਪੱਖ ਮੁਤਾਬਕ, 22 ਅਗਸਤ 2024 ਨੂੰ ਗਾਂਧੀਨਗਰ ਜ਼ਿਲ੍ਹੇ ਦੇ ਜਮਲਾ ਪਿੰਡ ਵਿੱਚ ਇੱਕ ਘਰ ’ਤੇ ਛਾਪਾ ਮਾਰਿਆ ਗਿਆ ਸੀ। ਇਸ ਦੌਰਾਨ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 277 ਕਿਲੋਗ੍ਰਾਮ ਬੀਫ, ਪਸ਼ੂਆਂ ਦੀ ਹੱਤਿਆ ਲਈ ਕਥਿਤ ਤੌਰ ’ਤੇ ਵਰਤੇ ਜਾਣ ਵਾਲੇ ਹਥਿਆਰ ਅਤੇ ਮਾਸ ਦੀ ਢੋਆ-ਢੁਆਈ ਲਈ ਇੱਕ ਵਾਹਨ ਬਰਾਮਦ ਕੀਤਾ ਗਿਆ ਸੀ।

ਪ੍ਰੌਸੀਕਿਊਸ਼ਨ ਨੇ ਅਦਾਲਤ ਵਿੱਚ ਦੱਸਿਆ ਕਿ ਪਿਉ-ਪੁੱਤ ਦੀ ਇੱਕ ਜੋੜੀ ਕਮਜ਼ੋਰ ਜਾਂ ਦੁੱਧ ਨਾ ਦੇਣ ਵਾਲੀਆਂ ਮੱਝਾਂ ਖਰੀਦਦੀ ਸੀ। ਇਸ ਤੋਂ ਬਾਅਦ ਉਹ ਅਹਿਮਦਾਬਾਦ ਤੋਂ ਚਾਰ ਹੋਰ ਵਿਅਕਤੀਆਂ ਨੂੰ ਆਪਣੇ ਘਰ ਬੁਲਾ ਕੇ ਇਨ੍ਹਾਂ ਪਸ਼ੂਆਂ ਨੂੰ ਕਥਿਤ ਤੌਰ ’ਤੇ ਬੇਰਹਿਮੀ ਨਾਲ ਕੱਟਦੇ ਸਨ ਅਤੇ ਮਾਸ ਵੇਚ ਕੇ ਪੈਸੇ ਕਮਾਉਂਦੇ ਸਨ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਮੁਲਜ਼ਮਾਂ ਦਾ ਮਾਸ ਗੁਲਾਮ ਮੋਇਨ ਨਾਂ ਦੇ ਵਿਅਕਤੀ ਨੂੰ ਵੇਚਣ ਦਾ ਇਰਾਦਾ ਸੀ।

ਮੁਕੱਦਮੇ ਦੀ ਸੁਣਵਾਈ ਦੌਰਾਨ ਸਰਕਾਰੀ ਧਿਰ ਨੇ 54 ਗਵਾਹ ਪੇਸ਼ ਕੀਤੇ ਅਤੇ ਦੋਸ਼ ਸਾਬਤ ਕਰਨ ਲਈ 18 ਦਸਤਾਵੇਜ਼ੀ ਸਬੂਤ ਅਦਾਲਤ ਵਿੱਚ ਰੱਖੇ। ਸੁਣਵਾਈ ਤੋਂ ਬਾਅਦ ਅਦਾਲਤ ਨੇ ਛੇ ਮੁਲਜ਼ਮਾਂ ਵਿੱਚੋਂ ਤਿੰਨ ਨੂੰ ਦੋਸ਼ੀ ਕਰਾਰ ਦਿੱਤਾ।

ਡਿਪਟੀ ਮੁੱਖ ਮੰਤਰੀ ਨੇ ਪੁਲਿਸ ਦੀ ਕੀਤੀ ਸ਼ਲਾਘਾ

ਗੁਜਰਾਤ ਦੇ ਉਪ ਮੁੱਖ ਮੰਤਰੀ ਹਰਸ਼ ਸੰਘਵੀ ਨੇ ਅਦਾਲਤ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਗਾਂਧੀਨਗਰ ਪੁਲਿਸ ਅਤੇ ਸਰਕਾਰੀ ਵਕੀਲਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਸਹੀ ਜਾਂਚ ਅਤੇ ਮਜ਼ਬੂਤ ਸਬੂਤ ਪੇਸ਼ ਕਰਨ ਕਾਰਨ ਦੋਸ਼ੀਆਂ ਨੂੰ ਸਜ਼ਾ ਦਿਵਾਉਣਾ ਸੰਭਵ ਹੋਇਆ ਹੈ।

ਉਨ੍ਹਾਂ ਕਿਹਾ ਕਿ ਗੁਜਰਾਤ ਪਸ਼ੂ ਸੁਰੱਖਿਆ ਕਾਨੂੰਨ ਤਹਿਤ ਆਇਆ ਇਹ ਫ਼ੈਸਲਾ ਸਪੱਸ਼ਟ ਸੰਦੇਸ਼ ਹੈ ਕਿ ਸੂਬੇ ਵਿੱਚ ਗਊ ਹੱਤਿਆ ਕਰਨ ਵਾਲਿਆਂ ਨੂੰ ਕਾਨੂੰਨ ਤੋਂ ਕੋਈ ਰਾਹਤ ਨਹੀਂ ਮਿਲੇਗੀ। ਗਊ ਮਾਤਾ ਦੀ ਸੁਰੱਖਿਆ ਗੁਜਰਾਤ ਦਾ ਅਟੱਲ ਸੰਕਲਪ ਹੈ।

ਜ਼ਿਕਰਯੋਗ ਹੈ ਕਿ ਗੁਜਰਾਤ ਸਰਕਾਰ ਨੇ ਸਾਲ 2017 ਵਿੱਚ ਗੁਜਰਾਤ ਪਸ਼ੂ ਸੁਰੱਖਿਆ ਐਕਟ, 1954 ਵਿੱਚ ਸੋਧ ਕਰਕੇ ਗਊ ਹੱਤਿਆ ਦੇ ਦੋਸ਼ੀਆਂ ਲਈ ਸਜ਼ਾ ਵਧਾ ਕੇ ਉਮਰ ਕੈਦ ਤੱਕ ਕਰ ਦਿੱਤੀ ਸੀ। ਇਸ ਕਾਨੂੰਨੀ ਸੋਧ ਨਾਲ ਗੁਜਰਾਤ ਦੇਸ਼ ਦਾ ਪਹਿਲਾ ਸੂਬਾ ਬਣਿਆ ਸੀ, ਜਿੱਥੇ ਗਊ ਹੱਤਿਆ ਲਈ ਉਮਰ ਕੈਦ ਦੀ ਵਿਵਸਥਾ ਕੀਤੀ ਗਈ। ਸੋਧੇ ਹੋਏ ਕਾਨੂੰਨ ਵਿੱਚ ਬੀਫ ਦੀ ਢੋਆ-ਢੁਆਈ, ਭੰਡਾਰਨ ਅਤੇ ਵਿਕਰੀ ਲਈ ਵੀ 10 ਸਾਲ ਤੱਕ ਦੀ ਕੈਦ ਦੀ ਵਿਵਸਥਾ ਹੈ।

ਇਸ ਤੋਂ ਪਹਿਲਾਂ ਸਾਲ 2011 ਵਿੱਚ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਗੁਜਰਾਤ ਸਰਕਾਰ ਨੇ ਕਾਨੂੰਨ ਵਿੱਚ ਸੋਧ ਕਰਕੇ ਗਊਆਂ ਦੀ ਹੱਤਿਆ ਦੇ ਨਾਲ-ਨਾਲ ਗਊ ਮਾਸ ਦੀ ਢੋਆ-ਢੁਆਈ ਅਤੇ ਵਿਕਰੀ ’ਤੇ ਪੂਰਨ ਪਾਬੰਦੀ ਲਗਾਈ ਸੀ।