ਸੀਰੀਅਲ ਕਿਲਰ ਨੂੰ ਤੀਜੀ ਵਾਰ ਹੋਈ ਉਮਰ ਕੈਦ

Top Trending News ਚੰਡੀਗੜ੍ਹ ਪੰਜਾਬ

ਸੀਰੀਅਲ ਕਿਲਰ ਨੂੰ ਤੀਜੀ ਵਾਰ ਹੋਈ ਉਮਰ ਕੈਦ

ਚੰਡੀਗੜ੍ਹ, 15 ਸਤੰਬਰ (ਦੇਸ਼ ਕਲਿੱਕ ਬਿਊਰੋ): ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਸੀਰੀਅਲ ਕਿਲਰ ਮੋਨੂ ਕੁਮਾਰ ਨੂੰ 60 ਸਾਲਾ ਬਜ਼ੁਰਗ ਔਰਤ ਨਾਲ ਜਬਰ-ਜਨਾਹ ਅਤੇ ਕਤਲ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਹ ਉਸਦੇ ਖ਼ਿਲਾਫ਼ ਦਰਜ ਮਾਮਲਿਆਂ ਵਿੱਚ ਤੀਜੀ ਵਾਰ ਹੈ, ਜਦੋਂ ਉਸਨੂੰ ਉਮਰ ਕੈਦ ਹੋਈ ਹੈ। ਗ੍ਰਿਫ਼ਤਾਰੀ ਤੋਂ ਬਾਅਦ ਪੁੱਛਗਿੱਛ ਦੌਰਾਨ ਮੋਨੂ ਨੇ 3 ਔਰਤਾਂ ਦੇ ਕਤਲ ਕਰਨ ਦੀ ਗੱਲ ਕਬੂਲ ਕੀਤੀ ਸੀ।

ਪੁਲਿਸ ਨੇ ਜਾਂਚ ਦੌਰਾਨ ਇਕੱਠੇ ਕੀਤੇ ਵਿਗਿਆਨਕ ਅਤੇ ਹੋਰ ਸਬੂਤਾਂ ਦੇ ਆਧਾਰ ’ਤੇ ਉਸ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਸੀ। ਅਦਾਲਤ ਵਿੱਚ ਸੁਣਵਾਈ ਦੌਰਾਨ ਸਰਕਾਰੀ ਪੱਖ ਵੱਲੋਂ ਸਬੂਤ ਪੇਸ਼ ਕੀਤੇ ਗਏ। ਦੋਵੇਂ ਪੱਖਾਂ ਦੀਆਂ ਦਲੀਲਾਂ ਸੁਣਨ ਮਗਰੋਂ ਅਦਾਲਤ ਨੇ ਮੋਨੂ ਨੂੰ ਦੋਸ਼ੀ ਕਰਾਰ ਦਿੱਤਾ।

2010 ਦੇ MBA ਵਿਦਿਆਰਥਣ ਕਤਲ ਤੋਂ ਖੁੱਲ੍ਹਿਆ ਸੀ ਰਾਜ
ਮੋਨੂ ਦਾ ਨਾਮ ਸਾਲ 2010 ਵਿੱਚ ਸੈਕਟਰ-38 ਵਿੱਚ 21 ਸਾਲਾ MBA ਵਿਦਿਆਰਥਣ ਨਾਲ ਜਬਰ-ਜਨਾਹ ਅਤੇ ਕਤਲ ਦੇ ਮਾਮਲੇ ਵਿੱਚ ਸਾਹਮਣੇ ਆਇਆ ਸੀ। ਵਿਦਿਆਰਥਣ ਦੀ ਲਾਸ਼ ਸੈਕਟਰ-38 ਨੇੜਿਓਂ ਮਿਲੀ ਸੀ। ਉਸਦਾ ਪੱਥਰਾਂ ਨਾਲ ਵਾਰ ਕਰਕੇ ਕਤਲ ਕੀਤਾ ਗਿਆ ਸੀ। ਕਰੀਬ 14 ਸਾਲ ਤੱਕ ਇਸ ਮਾਮਲੇ ਵਿੱਚ ਮੁਲਜ਼ਮ ਦੀ ਪਛਾਣ ਨਹੀਂ ਹੋ ਸਕੀ ਸੀ। ਪੁਲਿਸ ਨੇ ਬਾਅਦ ਵਿੱਚ ਅਦਾਲਤ ਵਿੱਚ ਅਨਟ੍ਰੇਸ ਰਿਪੋਰਟ ਵੀ ਦਾਖ਼ਲ ਕੀਤੀ ਸੀ, ਪਰ ਜਾਂਚ ਨਾਲ ਸਬੰਧਤ ਸਬੂਤ ਸੁਰੱਖਿਅਤ ਰੱਖੇ ਗਏ ਸਨ। ਮ੍ਰਿਤਕਾ ਤੋਂ ਲਏ ਗਏ ਸੀਮਨ ਦੇ ਸੈਂਪਲ ਨੂੰ ਵੀ ਸੰਭਾਲ ਕੇ ਰੱਖਿਆ ਗਿਆ ਸੀ।

DNA ਮੈਚ ਹੋਣ ਤੋਂ ਬਾਅਦ ਮੋਨੂ ਤੱਕ ਪਹੁੰਚੀ ਪੁਲਿਸ
ਫਰਵਰੀ 2024 ਵਿੱਚ ਮਲੋਆ ਦੇ ਜੰਗਲ ਵਿੱਚ 60 ਸਾਲਾ ਔਰਤ ਨਾਲ ਜਬਰ-ਜਨਾਹ ਮਗਰੋਂ ਕਤਲ ਦੀ ਘਟਨਾ ਹੋਈ। ਸੈਕਟਰ-54 ਨੇੜੇ ਸੁੰਨਸਾਨ ਰਸਤੇ ਤੋਂ ਲੰਘ ਰਹੀ ਔਰਤ ਨੂੰ ਮੋਨੂ ਨੇ ਕਥਿਤ ਤੌਰ ’ਤੇ ਰੋਕ ਲਿਆ। ਪੁਲਿਸ ਮੁਤਾਬਕ ਜਬਰ-ਜਨਾਹ ਤੋਂ ਬਾਅਦ ਉਸਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਅਤੇ ਮੋਬਾਈਲ ਵੀ ਚੋਰੀ ਕਰ ਲਿਆ ਗਿਆ। ਇਸ ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੇ 100 ਤੋਂ ਵੱਧ ਸ਼ੱਕੀਆਂ ਦੇ DNA ਸੈਂਪਲ ਲਏ। ਜਾਂਚ ਵਿੱਚ ਮੋਨੂ ਦਾ DNA 2010 ਵਿੱਚ ਸੁਰੱਖਿਅਤ ਕੀਤੇ ਗਏ ਸੈਂਪਲ ਨਾਲ ਮੈਚ ਹੋ ਗਿਆ। ਇਸ ਤੋਂ ਬਾਅਦ ਪੁਲਿਸ ਕਰੀਬ 15 ਸਾਲ ਪੁਰਾਣੇ ਕਤਲ ਮਾਮਲੇ ਵਿੱਚ ਉਸ ਤੱਕ ਪਹੁੰਚੀ। ਮੋਨੂ ਨੂੰ ਮਈ 2024 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁੱਛਗਿੱਛ ਦੌਰਾਨ ਉਸ ਵੱਲੋਂ ਤਿੰਨ ਔਰਤਾਂ ਨਾਲ ਜਬਰ-ਜਨਾਹ ਅਤੇ ਉਨ੍ਹਾਂ ਦੇ ਕਤਲ ਦੀ ਗੱਲ ਕਬੂਲਣ ਦਾ ਦਾਅਵਾ ਪੁਲਿਸ ਨੇ ਕੀਤਾ।

2022 ਵਿੱਚ ਆਟੋ ਡਰਾਈਵਰ ਦੀ ਪਤਨੀ ਦਾ ਕਤਲ
ਪੁਲਿਸ ਮੁਤਾਬਕ ਮੋਨੂ ਨੇ 11 ਜਨਵਰੀ 2022 ਦੀ ਰਾਤ ਮਲੋਆ ਵਾਸੀ ਇੱਕ ਆਟੋ ਡਰਾਈਵਰ ਦੀ 40 ਸਾਲਾ ਪਤਨੀ ਦਾ ਕਤਲ ਕਰਨ ਦੀ ਗੱਲ ਵੀ ਕਬੂਲੀ ਸੀ। ਔਰਤ ਬਾਜ਼ਾਰ ਜਾਣ ਲਈ ਘਰੋਂ ਨਿਕਲੀ ਸੀ ਪਰ ਵਾਪਸ ਨਹੀਂ ਆਈ। ਅਗਲੇ ਦਿਨ ਉਸਦੀ ਲਾਸ਼ ਘਰ ਤੋਂ ਕੁਝ ਦੂਰੀ ’ਤੇ ਮਿਲੀ ਸੀ। ਇਸ ਮਾਮਲੇ ਵਿੱਚ ਵੀ ਕਾਤਲ ਦਾ ਉਸ ਸਮੇਂ ਪਤਾ ਨਹੀਂ ਲੱਗ ਸਕਿਆ ਸੀ। ਬਾਅਦ ਵਿੱਚ ਮੋਨੂ ਦੀ ਗ੍ਰਿਫ਼ਤਾਰੀ ਅਤੇ ਪੁੱਛਗਿੱਛ ਤੋਂ ਇਸ ਕਤਲ ਬਾਰੇ ਖੁਲਾਸਾ ਹੋਇਆ।

2008 ਦੇ ਮਾਮਲੇ ਵਿੱਚ ਸਬੂਤਾਂ ਦੀ ਘਾਟ ਕਾਰਨ ਬਰੀ
ਮੋਨੂ ਖ਼ਿਲਾਫ਼ ਪਹਿਲਾ ਮਾਮਲਾ 2008 ਵਿੱਚ ਹਿਮਾਚਲ ਪ੍ਰਦੇਸ਼ ਦੇ ਚੰਬਾ ਇਲਾਕੇ ਵਿੱਚ ਦਰਜ ਹੋਇਆ ਸੀ। ਉਸ ਸਮੇਂ ਉਸ ’ਤੇ 20 ਸਾਲਾ ਲੜਕੀ ਨੂੰ ਅਗਵਾ ਕਰਕੇ ਜਬਰ-ਜਨਾਹ ਅਤੇ ਕਤਲ ਕਰਨ ਦੇ ਦੋਸ਼ ਲੱਗੇ ਸਨ। ਹਿਮਾਚਲ ਪੁਲਿਸ ਨੇ ਉਸਨੂੰ ਗ੍ਰਿਫ਼ਤਾਰ ਕੀਤਾ ਸੀ, ਪਰ ਪੱਕੇ ਸਬੂਤ ਨਾ ਮਿਲਣ ਕਾਰਨ ਕਰੀਬ 18 ਮਹੀਨੇ ਚੱਲੇ ਅਦਾਲਤੀ ਟਰਾਇਲ ਤੋਂ ਬਾਅਦ ਉਹ ਬਰੀ ਹੋ ਗਿਆ ਸੀ।

ਤਿੰਨ ਮਾਮਲਿਆਂ ਵਿੱਚ ਹੋਈ ਉਮਰ ਕੈਦ
ਮੋਨੂ ਨੂੰ 21 ਸਾਲਾ MBA ਵਿਦਿਆਰਥਣ ਨਾਲ ਜਬਰ-ਜਨਾਹ ਅਤੇ ਕਤਲ ਦੇ ਮਾਮਲੇ ਵਿੱਚ 28 ਨਵੰਬਰ 2025 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇਸ ਤੋਂ ਬਾਅਦ 40 ਸਾਲਾ ਔਰਤ ਨਾਲ ਜਬਰ-ਜਨਾਹ ਅਤੇ ਕਤਲ ਦੇ ਮਾਮਲੇ ਵਿੱਚ ਅਗਸਤ 2026 ਵਿੱਚ ਉਮਰ ਕੈਦ ਅਤੇ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਹੋਈ। ਹੁਣ 60 ਸਾਲਾ ਔਰਤ ਨਾਲ ਜਬਰ-ਜਨਾਹ ਅਤੇ ਕਤਲ ਦੇ ਮਾਮਲੇ ਵਿੱਚ ਵੀ ਅਦਾਲਤ ਨੇ ਉਸਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।