ਮੱਕਾ ਵਿੱਚ ਪਹਿਲੀ ਵਾਰ ਮਿਸਾਈਲ ਹਮਲੇ ਦਾ ਐਮਰਜੈਂਸੀ ਅਲਰਟ: ਹੂਤੀ ਬਾਗੀਆਂ ਨੇ ਸਾਊਦੀ ਅਰਬ ’ਤੇ ਦਾਗੇ ਡਰੋਨ ਤੇ ਮਿਸਾਈਲ

Top Trending News ਕੌਮਾਂਤਰੀ

  • ਮੱਕਾ ਵਿੱਚ ਪਹਿਲੀ ਵਾਰ ਮਿਸਾਈਲ ਹਮਲੇ ਦਾ ਐਮਰਜੈਂਸੀ ਅਲਰਟ: ਹੂਤੀ ਬਾਗੀਆਂ ਨੇ ਸਾਊਦੀ ਅਰਬ ’ਤੇ ਦਾਗੇ ਡਰੋਨ ਤੇ ਮਿਸਾਈਲ

ਨਵੀਂ ਦਿੱਲੀ, 15 ਸਤੰਬਰ (ਦੇਸ਼ ਕਲਿੱਕ ਬਿਊਰੋ): ਯਮਨ ਦੇ ਹੂਤੀ ਬਾਗੀਆਂ ਵੱਲੋਂ ਮੰਗਲਵਾਰ ਨੂੰ ਸਾਊਦੀ ਅਰਬ ’ਤੇ ਡਰੋਨ ਅਤੇ ਮਿਸਾਈਲ ਹਮਲੇ ਕੀਤੇ ਜਾਣ ਤੋਂ ਬਾਅਦ ਮੱਕਾ ਵਿੱਚ ਪਹਿਲੀ ਵਾਰ ਐਮਰਜੈਂਸੀ ਅਲਰਟ ਜਾਰੀ ਕੀਤਾ ਗਿਆ। ਸਾਊਦੀ ਸਿਵਲ ਡਿਫੈਂਸ ਮੁਤਾਬਕ ਨੈਸ਼ਨਲ ਅਰਲੀ ਵਾਰਨਿੰਗ ਪਲੇਟਫਾਰਮ ਰਾਹੀਂ ਇਹ ਚਿਤਾਵਨੀ ਜਾਰੀ ਕੀਤੀ ਗਈ। ਅਲਰਟ ਦੌਰਾਨ ਲੋਕਾਂ ਨੂੰ ਉੱਚੀਆਂ ਇਮਾਰਤਾਂ ਤੋਂ ਦੂਰ ਰਹਿਣ, ਭੀੜ ਵਾਲੀਆਂ ਅਤੇ ਖੁੱਲ੍ਹੀਆਂ ਥਾਵਾਂ ’ਤੇ ਜਾਣ ਤੋਂ ਬਚਣ ਅਤੇ ਸ਼ਾਂਤ ਰਹਿਣ ਦੀ ਅਪੀਲ ਕੀਤੀ ਗਈ। ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਅਤੇ ਖਿੜਕੀਆਂ, ਬਾਲਕਨੀਆਂ, ਛੱਤਾਂ ਤੇ ਸ਼ੀਸ਼ਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ। ਕੁਝ ਸਮੇਂ ਬਾਅਦ ਸਿਵਲ ਡਿਫੈਂਸ ਨੇ ਦੱਸਿਆ ਕਿ ਖ਼ਤਰਾ ਟਲ ਗਿਆ ਹੈ। ਹਾਲਾਂਕਿ ਲੋਕਾਂ ਨੂੰ ਭੀੜ ਤੋਂ ਦੂਰ ਰਹਿਣ ਅਤੇ ਕਿਸੇ ਵੀ ਘਟਨਾ ਦੀ ਫੋਟੋ ਜਾਂ ਵੀਡੀਓ ਨਾ ਬਣਾਉਣ ਲਈ ਕਿਹਾ ਗਿਆ ਹੈ।

ਜੇਦਾਹ ਤੇ ਤਾਇਫ ਵਿੱਚ ਵੀ ਅਲਰਟ
ਮੰਗਲਵਾਰ ਸਵੇਰੇ ਜੇਦਾਹ ਅਤੇ ਤਾਇਫ ਵਿੱਚ ਵੀ ਇਸੇ ਤਰ੍ਹਾਂ ਦੇ ਐਮਰਜੈਂਸੀ ਅਲਰਟ ਜਾਰੀ ਕੀਤੇ ਗਏ ਸਨ, ਜਿਨ੍ਹਾਂ ਨੂੰ ਕੁਝ ਸਮੇਂ ਬਾਅਦ ਵਾਪਸ ਲੈ ਲਿਆ ਗਿਆ। ਅਧਿਕਾਰੀਆਂ ਨੇ ਲੋਕਾਂ ਨੂੰ ਕਿਹਾ ਕਿ ਜੇ ਉਹ ਘਰ ਤੋਂ ਬਾਹਰ ਹਨ ਤਾਂ ਤੁਰੰਤ ਕਿਸੇ ਇਮਾਰਤ ਦੇ ਅੰਦਰ ਚਲੇ ਜਾਣ ਜਾਂ ਕਿਸੇ ਮਜ਼ਬੂਤ ਢਾਂਚੇ ਦੀ ਆੜ ਲੈਣ ਅਤੇ ਖ਼ਤਰਾ ਟਲਣ ਤੱਕ ਉੱਥੇ ਹੀ ਰਹਿਣ।

ਹੂਤੀ ਹਮਲਿਆਂ ’ਚ ਹੁਣ ਤੱਕ 13 ਲੋਕ ਜ਼ਖਮੀ
ਇਹ ਅਲਰਟ ਸਾਊਦੀ ਅਰਬ ’ਤੇ ਹੂਤੀਆਂ ਦੇ ਲਗਾਤਾਰ ਹਮਲਿਆਂ ਵਿਚਕਾਰ ਜਾਰੀ ਕੀਤੇ ਗਏ ਹਨ। ਸੋਮਵਾਰ ਨੂੰ ਹੂਤੀਆਂ ਨੇ ਖਮਿਸ ਮੁਸ਼ੈਤ, ਅਭਾ ਅਤੇ ਤਾਇਫ ਵੱਲ ਕਈ ਮਿਸਾਈਲ ਅਤੇ ਡਰੋਨ ਦਾਗੇ ਸਨ। ਸਾਊਦੀ ਅਗਵਾਈ ਵਾਲੇ ਫੌਜੀ ਗਠਜੋੜ ਦੇ ਬੁਲਾਰੇ ਕਰਨਲ ਤੁਰਕੀ ਅਲ-ਮਲਿਕੀ ਮੁਤਾਬਕ ਇਨ੍ਹਾਂ ਹਮਲਿਆਂ ਵਿੱਚ ਘੱਟੋ-ਘੱਟ 13 ਨਾਗਰਿਕ ਜ਼ਖਮੀ ਹੋਏ। ਉਨ੍ਹਾਂ ਹੂਤੀਆਂ ਵੱਲੋਂ ਸਾਊਦੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਨੂੰ ਜਾਣਬੁੱਝ ਕੇ ਕੀਤਾ ਗਿਆ ਹਮਲਾ ਦੱਸਿਆ।

ਪਿਛਲੇ ਹਫ਼ਤੇ ਵੀ ਹੂਤੀਆਂ ਨੇ ਸਾਊਦੀ ਅਰਬ ਦੇ ਅਭਾ, ਖਮਿਸ ਮੁਸ਼ੈਤ, ਜਾਜ਼ਾਨ ਅਤੇ ਨਜਰਾਨ ਸ਼ਹਿਰਾਂ ਨੂੰ ਨਿਸ਼ਾਨਾ ਬਣਾ ਕੇ ਵੱਡੀ ਗਿਣਤੀ ਵਿੱਚ ਮਿਸਾਈਲ ਅਤੇ ਡਰੋਨ ਹਮਲੇ ਕੀਤੇ ਸਨ। ਇਨ੍ਹਾਂ ਹਮਲਿਆਂ ਵਿੱਚ ਘੱਟੋ-ਘੱਟ 73 ਲੋਕ ਜ਼ਖਮੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਸੀ। ਹਮਲਿਆਂ ਕਾਰਨ ਸਾਊਦੀ ਅਰਬ ਦੀਆਂ ਕੁਝ ਊਰਜਾ ਸਹੂਲਤਾਂ ਦਾ ਕੰਮ ਵੀ ਕੁਝ ਸਮੇਂ ਲਈ ਪ੍ਰਭਾਵਿਤ ਹੋਇਆ ਸੀ।

ਯਮਨ ’ਚ ਵਧਿਆ ਤਣਾਅ
ਈਰਾਨ ਨਾਲ ਸਬੰਧਤ ਮੰਨੇ ਜਾਂਦੇ ਹੂਤੀਆਂ ਦਾ ਦੋਸ਼ ਹੈ ਕਿ ਸਾਊਦੀ ਅਰਬ ਯਮਨ ਵਿੱਚ ਹਵਾਈ ਹਮਲੇ ਕਰ ਰਿਹਾ ਹੈ ਅਤੇ ਕਰੂਜ਼ ਮਿਸਾਈਲਾਂ ਦਾਗ ਰਿਹਾ ਹੈ। ਯਮਨ ਦੇ ਦੱਖਣੀ ਅਤੇ ਪੱਛਮੀ ਇਲਾਕਿਆਂ ਵਿੱਚ ਹੂਤੀ ਲੜਾਕਿਆਂ ਅਤੇ ਸਾਊਦੀ ਸਮਰਥਿਤ ਸਰਕਾਰੀ ਬਲਾਂ ਵਿਚਕਾਰ ਭਾਰੀ ਜੰਗ ਜਾਰੀ ਹੈ। ਇਸ ਦੌਰਾਨ ਹੂਤੀਆਂ ਨੇ ਯਮਨ ਦੇ ਪੱਛਮੀ ਲਾਲ ਸਾਗਰ ਤੱਟ ’ਤੇ ਆਪਣਾ ਕਬਜ਼ਾ ਵਧਾਉਣ ਦਾ ਦਾਅਵਾ ਕੀਤਾ ਹੈ। ਸੋਮਵਾਰ ਨੂੰ ਉਨ੍ਹਾਂ ਵੱਲੋਂ ਗ੍ਰੇਟਰ ਹਨੀਸ਼ ਅਤੇ ਲੈਸਰ ਹਨੀਸ਼ ਟਾਪੂਆਂ ’ਤੇ ਵੀ ਕਬਜ਼ਾ ਕਰਨ ਦੀ ਜਾਣਕਾਰੀ ਦਿੱਤੀ ਗਈ। ਇਹ ਦੋਵੇਂ ਟਾਪੂ ਬਾਬ ਅਲ-ਮੰਦਬ ਜਲਡਮਰੂਮੱਧ ਤੋਂ ਕਰੀਬ 160 ਕਿਲੋਮੀਟਰ ਉੱਤਰ ਵੱਲ ਸਥਿਤ ਹਨ।