Punjab News: ਸਰਕਾਰੀ ਕਾਲਜ ਦੇ ਲਾਇਬ੍ਰੇਰੀਅਨ ਨੇ ਕੀਤੀ ਖੁਦਕੁਸ਼ੀ 

Top Trending News ਪੰਜਾਬ

 

Punjab News: ਸਰਕਾਰੀ ਕਾਲਜ ਦੇ ਲਾਇਬ੍ਰੇਰੀਅਨ ਨੇ ਕੀਤੀ ਖੁਦਕੁਸ਼ੀ

ਸ਼੍ਰੀ ਖਡੂਰ ਸਾਹਿਬ, 16 ਸਤੰਬਰ 2026

ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਕਾਲਜ, ਖਡੂਰ ਸਾਹਿਬ ਦੇ ਲਾਇਬ੍ਰੇਰੀਅਨ ਤਰਸੇਮ ਸਿੰਘ (45) ਵੱਲੋਂ ਕਥਿਤ ਤੌਰ ਤੇ ਜ਼ਹਿਰੀਲੀ ਦਵਾਈ ਨਿਗਲ ਕੇ ਖੁਦਕੁਸ਼ੀ ਕਰ ਲਈ ਗਈ। ਤਰਸੇਮ ਸਿੰਘ ਵੱਲੋਂ ਖੁਦਕੁਸ਼ੀ ਤੋਂ ਪਹਿਲਾਂ ਬਣਾਈ ਗਈ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਉਸ ਨੇ ਕਾਲਜ ਦੇ ਸੁਪਰਡੈਂਟ ’ਤੇ ਕਥਿਤ ਤੌਰ ’ਤੇ ਬਿਨਾਂ ਵਜ੍ਹਾ ਤੰਗ-ਪ੍ਰੇਸ਼ਾਨ ਕਰਨ ਅਤੇ ਰਿਸ਼ਵਤ ਮੰਗਣ ਦੇ ਦੋਸ਼ ਲਗਾਏ ਹਨ।

ਭਗਵਾਨ ਵਾਲਮੀਕਿ ਕਲੋਨੀ ਵਾਸੀ ਤਰਸੇਮ ਸਿੰਘ ਨੇ ਵੀਡੀਓ ਵਿੱਚ ਦਾਅਵਾ ਕੀਤਾ ਕਿ ਸੁਪਰਡੈਂਟ ਵੱਲੋਂ ਉਸ ਨੂੰ ਲਗਾਤਾਰ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਉਸ ਨੇ ਕਿਹਾ ਕਿ ਉਹ ਪਹਿਲਾਂ ਵੀ ਦੋ ਵਾਰ ਪੰਜ-ਪੰਜ ਹਜ਼ਾਰ ਰੁਪਏ ਦੇ ਚੁੱਕਾ ਸੀ, ਜਦਕਿ ਤੀਜੀ ਵਾਰ ਮੈਡੀਕਲ ਛੁੱਟੀ ਮਨਜ਼ੂਰ ਕਰਵਾਉਣ ਦੇ ਨਾਂ ’ਤੇ ਦੁਬਾਰਾ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ। ਉਸ ਦੇ ਮੁਤਾਬਕ, ਪੈਸੇ ਨਾ ਦੇਣ ’ਤੇ ਨੌਕਰੀ ਤੋਂ ਕੱਢਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਸਨ।

ਮ੍ਰਿਤਕ ਦੀ ਪਤਨੀ ਨੀਤੂ ਨੇ ਦੱਸਿਆ ਕਿ ਤਰਸੇਮ ਸਿੰਘ ਨੇ ਪਰਿਵਾਰ ਨੂੰ ਆਪਣੀ ਪਰੇਸ਼ਾਨੀ ਬਾਰੇ ਜਾਣਕਾਰੀ ਦਿੱਤੀ ਸੀ ਅਤੇ ਕਿਹਾ ਸੀ ਕਿ ਉਸ ਦੀ ਮੌਤ ਤੋਂ ਬਾਅਦ ਉਸ ਦਾ ਸਰੀਰ ਕਾਲਜ ਦੇ ਮੁੱਖ ਗੇਟ ਸਾਹਮਣੇ ਰੱਖ ਕੇ ਇਨਸਾਫ਼ ਲਈ ਪ੍ਰਦਰਸ਼ਨ ਕੀਤਾ ਜਾਵੇ।

ਪਰਿਵਾਰ ਨੇ ਸੁਪਰਡੈਂਟ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਇਆ ਹੈ। ਐੱਸਐੱਸਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਸਾਹਮਣੇ ਆਈ ਵੀਡੀਓ ਦੇ ਆਧਾਰ ’ਤੇ ਜਗਤਾਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇਗਾ। ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ਾਂ ਦੀ ਤੱਥਾਂ ਦੇ ਆਧਾਰ ’ਤੇ ਪੁਸ਼ਟੀ ਕੀਤੀ ਜਾਵੇਗੀ।