Breaking: ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਗੁਰਸਿੱਖ ਨਾਲ ਕੁੱਟਮਾਰ ਦੇ ਦੋਸ਼, 7 ਖ਼ਿਲਾਫ਼ FIR ਦਰਜ

Top Trending News ਪੰਜਾਬ

 

Breaking: ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਗੁਰਸਿੱਖ ਨਾਲ ਕੁੱਟਮਾਰ ਦੇ ਦੋਸ਼, 7 ਖ਼ਿਲਾਫ਼ FIR ਦਰਜ

ਚੀਮਾ ਮੰਡੀ (ਸੰਗਰੂਰ), 17 ਸਤੰਬਰ 2026

ਨੇੜਲੇ ਪਿੰਡ ਝਾੜੋਂ ਵਿੱਚ ਨਸ਼ਾ ਤਸਕਰੀ ਰੋਕਣ ਅਤੇ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਗੰਭੀਰ ਰੂਪ ਧਾਰ ਗਿਆ। ਇੱਕ ਗੁਰਸਿੱਖ ਵਿਅਕਤੀ ਨਾਲ ਕਥਿਤ ਤੌਰ ’ਤੇ ਕੁੱਟਮਾਰ ਕਰਨ ਅਤੇ ਉਸ ਨੂੰ ਘਰ ਅੰਦਰ ਲਿਜਾ ਕੇ ਬੰਨ੍ਹਣ ਦੇ ਦੋਸ਼ ਲੱਗੇ ਹਨ। ਘਟਨਾ ਦੌਰਾਨ ਪਿੰਡ ਦੇ ਸਰਪੰਚ ਨੂੰ ਵੀ ਇੱਟ-ਰੋੜੇ ਲੱਗਣ ਕਾਰਨ ਸੱਟਾਂ ਲੱਗੀਆਂ।

ਥਾਣਾ ਚੀਮਾ ਦੀ ਪੁਲਿਸ ਨੇ ਇਸ ਮਾਮਲੇ ਵਿੱਚ ਸੱਤ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਯੋਗੇਸ਼ ਗਰਗ ਅਨੁਸਾਰ, ਜਗਵਿੰਦਰ ਸਿੰਘ ਵਾਸੀ ਝਾੜੋਂ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਹ ਖੇਤੀਬਾੜੀ ਕਰਦਾ ਹੈ ਅਤੇ ਪਿੰਡ ਵਿੱਚ ਨਸ਼ਿਆਂ ਵਿਰੁੱਧ ਆਵਾਜ਼ ਉਠਾਉਂਦਾ ਆ ਰਿਹਾ ਹੈ। ਉਸ ਨੇ ਦੋਸ਼ ਲਾਇਆ ਕਿ ਇਸ ਕਾਰਨ ਕੁਝ ਵਿਅਕਤੀਆਂ ਨਾਲ ਉਸ ਦੀ ਰੰਜਿਸ਼ ਚੱਲ ਰਹੀ ਸੀ ਅਤੇ ਘਟਨਾ ਦੌਰਾਨ ਉਸ ਦੇ ਕਕਾਰਾਂ ਦੀ ਵੀ ਬੇਅਦਬੀ ਕੀਤੀ ਗਈ।

ਜਾਣਕਾਰੀ ਮਿਲਣ ’ਤੇ ਸਰਪੰਚ ਰਜਿੰਦਰ ਕੁਮਾਰ ਮੌਕੇ ’ਤੇ ਪਹੁੰਚੇ ਅਤੇ ਜਗਵਿੰਦਰ ਸਿੰਘ ਨੂੰ ਛੁਡਵਾਇਆ। ਇਸ ਦੌਰਾਨ ਇੱਟ-ਰੋੜੇ ਲੱਗਣ ਕਾਰਨ ਸਰਪੰਚ ਵੀ ਜ਼ਖ਼ਮੀ ਹੋ ਗਏ। ਪੁਲਿਸ ਨੇ ਦੋਵਾਂ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਮੈਡੀਕਲ ਰਿਪੋਰਟਾਂ ਦੇ ਆਧਾਰ ’ਤੇ ਸੱਤ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਪੁਲਿਸ ਵੱਲੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।