ਕਿਸਾਨਾਂ ਦੇ ਰੋਸ ਅੱਗੇ ਝੁਕਿਆ ਪ੍ਰਸ਼ਾਸਨ! ਮੰਡੀਆਂ ’ਚ ਝੋਨੇ ਦੀ ਸਰਕਾਰੀ ਖਰੀਦ ਮੁੜ ਸ਼ੁਰੂ

Top Trending News ਪੰਜਾਬ

ਕਿਸਾਨਾਂ ਦੇ ਰੋਸ ਅੱਗੇ ਝੁਕਿਆ ਪ੍ਰਸ਼ਾਸਨ! ਅਜਨਾਲਾ ਤੇ ਭਗਤਾਂਵਾਲਾ ਮੰਡੀਆਂ ’ਚ ਝੋਨੇ ਦੀ ਸਰਕਾਰੀ ਖਰੀਦ ਮੁੜ ਸ਼ੁਰੂ

ਅਜਨਾਲਾ (ਅੰਮ੍ਰਿਤਸਰ), 2 ਨਵੰਬਰ 2026: ਮੰਡੀਆਂ ਵਿੱਚ ਝੋਨੇ ਦੀ ਸਰਕਾਰੀ ਖਰੀਦ ਬੰਦ ਹੋਣ ਕਾਰਨ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਵੱਲੋਂ ਦਿੱਤੇ ਗਏ ਰੋਸ ਪ੍ਰਦਰਸ਼ਨ ਦੇ ਸੱਦੇ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਹੈ। ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿੱਚ ਸਰਕਾਰੀ ਖਰੀਦ ਮੁੜ ਸ਼ੁਰੂ ਕਰਵਾਉਣ ਦਾ ਭਰੋਸਾ ਮਿਲਣ ਉਪਰੰਤ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਦਿੱਤਾ ਜਾਣ ਵਾਲਾ ਧਰਨਾ ਮੁਲਤਵੀ ਕਰ ਦਿੱਤਾ।

ਮਾਰਕੀਟ ਕਮੇਟੀ ਦਫ਼ਤਰ ਅਜਨਾਲਾ ਵਿਖੇ ਹੋਈ ਮੀਟਿੰਗ ਵਿੱਚ ਸੂਬਾ ਪ੍ਰਧਾਨ ਪਲਵਿੰਦਰ ਸਿੰਘ ਮਾਹਲ ਸਮੇਤ ਕਿਸਾਨ ਆਗੂਆਂ ਨੇ ਸ਼ਮੂਲੀਅਤ ਕੀਤੀ। ਪ੍ਰਸ਼ਾਸਨ ਵੱਲੋਂ ਡੀ.ਐੱਮ. ਜਤਿਨ ਵਰਮਾ, ਵੇਅਰਹਾਊਸ ਦੇ ਡੀ.ਐੱਮ. ਕਰਨਦੀਪ ਸਿੰਘ ਅਤੇ ਹੋਰ ਸਬੰਧਤ ਅਧਿਕਾਰੀ ਮੌਜੂਦ ਰਹੇ।

ਮੀਟਿੰਗ ਦੌਰਾਨ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਅਜਨਾਲਾ ਅਤੇ ਭਗਤਾਂਵਾਲਾ ਮੰਡੀਆਂ ਵਿੱਚ ਸਰਕਾਰੀ ਨੀਤੀ ਅਨੁਸਾਰ ਝੋਨੇ ਦੀ ਖਰੀਦ ਯਕੀਨੀ ਬਣਾਈ ਜਾਵੇਗੀ। ਇਸ ਤੋਂ ਬਾਅਦ ਕਿਸਾਨ ਆਗੂਆਂ ਨੇ ਧਰਨਾ ਮੁਲਤਵੀ ਕਰਨ ਦਾ ਫ਼ੈਸਲਾ ਲਿਆ।