Bangladesh Breaking: ਗਾਰਮੈਂਟ ਮਜ਼ਦੂਰਾਂ ਵੱਲੋਂ ਤਨਖਾਹ ਵਧਾਉਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ! ਕੁੱਝ ਥਾਵਾਂ ਤੇ ਹੋਈਆਂ ਹਿੰਸਕ ਝੜਪਾਂ

Top Trending News ਕੌਮਾਂਤਰੀ

 

Bangladesh Breaking: ਗਾਰਮੈਂਟ ਮਜ਼ਦੂਰਾਂ ਵੱਲੋਂ ਤਨਖਾਹ ਵਧਾਉਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ! ਕੁੱਝ ਥਾਵਾਂ ਤੇ ਹੋਈਆਂ ਹਿੰਸਕ ਝੜਪਾਂ

ਢਾਕਾ 2 ਨਵੰਬਰ 2026

ਬੰਗਲਾਦੇਸ਼ ਵਿੱਚ ਗਾਰਮੈਂਟ ਫੈਕਟਰੀਆਂ ਦੇ ਮਜ਼ਦੂਰਾਂ ਵੱਲੋਂ ਘੱਟੋ-ਘੱਟ ਉਜਰਤ ਵਧਾਉਣ ਦੀ ਮੰਗ ਨੂੰ ਲੈ ਕੇ ਕੀਤਾ ਜਾ ਰਿਹਾ ਪ੍ਰਦਰਸ਼ਨ ਹਿੰਸਕ ਰੂਪ ਧਾਰਨ ਕਰ ਗਿਆ ਹੈ। ਰਾਜਧਾਨੀ ਢਾਕਾ ਅਤੇ ਪ੍ਰਮੁੱਖ ਉਦਯੋਗਿਕ ਸ਼ਹਿਰ ਗਾਜ਼ੀਪੁਰ ਵਿੱਚ ਪ੍ਰਦਰਸ਼ਨਕਾਰੀ ਮਜ਼ਦੂਰਾਂ ਅਤੇ ਸੁਰੱਖਿਆ ਬਲਾਂ ਵਿਚਾਲੇ ਜ਼ਬਰਦਸਤ ਝੜਪਾਂ ਹੋਣ ਦੀ ਖ਼ਬਰ ਹੈ।

ਜਾਣਕਾਰੀ ਅਨੁਸਾਰ, ਗੁੱਸੇ ਵਿੱਚ ਆਏ ਪ੍ਰਦਰਸ਼ਨਕਾਰੀ ਮਜ਼ਦੂਰਾਂ ਨੇ ਕਈ ਪੁਲਿਸ ਚੌਕੀਆਂ ਨੂੰ ਨਿਸ਼ਾਨਾ ਬਣਾਇਆ ਅਤੇ ਉੱਥੇ ਭੰਨਤੋੜ ਕੀਤੀ। ਇਸ ਦੌਰਾਨ ਕਈ ਵਾਹਨਾਂ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ। ਇਨ੍ਹਾਂ ਘਟਨਾਵਾਂ ਕਾਰਨ ਇਲਾਕੇ ਵਿੱਚ ਤਣਾਅ ਦਾ ਮਾਹੌਲ ਬਣ ਗਿਆ ਹੈ।

ਦਰਅਸਲ, ਬੰਗਲਾਦੇਸ਼ ਵਿੱਚ ਗਾਰਮੈਂਟ ਮਜ਼ਦੂਰਾਂ ਦੀ ਮੌਜੂਦਾ ਘੱਟੋ-ਘੱਟ ਮਹੀਨਾਵਾਰ ਤਨਖ਼ਾਹ 12,500 ਟਕਾ ਹੈ। ਮਜ਼ਦੂਰਾਂ ਦਾ ਕਹਿਣਾ ਹੈ ਕਿ ਲਗਾਤਾਰ ਵਧ ਰਹੀ ਮਹਿੰਗਾਈ, ਮਕਾਨਾਂ ਦੇ ਕਿਰਾਏ ਅਤੇ ਰੋਜ਼ਾਨਾ ਦੀਆਂ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਕਾਰਨ ਇਸ ਆਮਦਨ ਵਿੱਚ ਪਰਿਵਾਰ ਦਾ ਗੁਜ਼ਾਰਾ ਕਰਨਾ ਬੇਹੱਦ ਮੁਸ਼ਕਲ ਹੋ ਗਿਆ ਹੈ।

ਮਜ਼ਦੂਰਾਂ ਦੀ ਮੁੱਖ ਮੰਗ ਹੈ ਕਿ ਘੱਟੋ-ਘੱਟ ਮਹੀਨਾਵਾਰ ਤਨਖ਼ਾਹ ਵਧਾ ਕੇ 30,000 ਟਕਾ ਕੀਤੀ ਜਾਵੇ। ਇਸ ਮੰਗ ਨੂੰ ਲੈ ਕੇ ਮਜ਼ਦੂਰਾਂ ਦਾ ਰੋਸ ਲਗਾਤਾਰ ਵਧ ਰਿਹਾ ਹੈ।