ਪੰਜਾਬ ‘ਚ ਨਸ਼ਿਆਂ ਦੇ ਕੋੜ੍ਹ ਵਿਰੁੱਧ ਭਾਜਪਾ ਦਾ ਵੱਡਾ ਐਲਾਨ; 4 ਥਾਵਾਂ ਤੋਂ ਸ਼ੁਰੂ ਹੋਵੇਗੀ 4,000 ਕਿਲੋਮੀਟਰ ਲੰਬੀ ਯਾਤਰਾ

Top Trending News ਪੰਜਾਬ

 

ਪੰਜਾਬ ‘ਚ ਨਸ਼ਿਆਂ ਦੇ ਕੋੜ੍ਹ ਵਿਰੁੱਧ ਭਾਜਪਾ ਦਾ ਵੱਡਾ ਐਲਾਨ; 4 ਥਾਵਾਂ ਤੋਂ ਸ਼ੁਰੂ ਹੋਵੇਗੀ 4,000 ਕਿਲੋਮੀਟਰ ਲੰਬੀ ਯਾਤਰਾ

ਚੰਡੀਗੜ੍ਹ 17 ਸਤੰਬਰ 2026- ਪੰਜਾਬ ਵਿੱਚ ਦਿਨੋ-ਦਿਨ ਗੰਭੀਰ ਹੁੰਦੀ ਜਾ ਰਹੀ ਨਸ਼ਿਆਂ ਦੀ ਸਮੱਸਿਆ ਅਤੇ ਨਸ਼ੇ ਕਾਰਨ ਹੋ ਰਹੀਆਂ ਮੌਤਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਰਾਜ ਸਰਕਾਰ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਪੰਜਾਬ ਭਾਜਪਾ ਦੇ ਸੀਨੀਅਰ ਆਗੂ ਕੇਵਲ ਢਿੱਲੋਂ ਅਤੇ ਸੁਨੀਲ ਜਾਖੜ ਨੇ ਅੱਜ ਇੱਕ ਅਹਿਮ ਪ੍ਰੈੱਸ ਕਾਨਫਰੰਸ ਦੌਰਾਨ ਐਲਾਨ ਕੀਤਾ ਕਿ ਪੰਜਾਬ ਵਿੱਚ ਨਸ਼ੇ ਦੇ ਖ਼ਾਤਮੇ ਲਈ 4 ਵੱਖ-ਵੱਖ ਥਾਵਾਂ ਤੋਂ ਇੱਕ ਵਿਸ਼ਾਲ ਯਾਤਰਾ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਦੀ ਸ਼ੁਰੂਆਤ ਨਿਤਿਨ ਨਬੀਨ ਕਰਨਗੇ। ਇਹ ਯਾਤਰਾ ਪੰਜਾਬ ਦੇ ਪਿੰਡ-ਪਿੰਡ, ਘਰ-ਘਰ ਜਾ ਕੇ ਲੋਕਾਂ ਨੂੰ ਲਾਮਬੰਦ ਕਰੇਗੀ ਅਤੇ ਕੁੱਲ 4,000 ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ।

ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਵਲ ਢਿੱਲੋਂ ਨੇ ਕਿਹਾ ਕਿ ਅੱਜ ਜੋ ਪਰਿਵਾਰ ਸਾਡੇ ਨਾਲ ਬੈਠੇ ਹਨ, ਇਹ ਉਹ ਬਦਕਿਸਮਤ ਲੋਕ ਹਨ ਜਿਨ੍ਹਾਂ ਦੇ ਘਰ ਦੇ ਚਿਰਾਗ ਨਸ਼ੇ ਦੀ ਭੈੜੀ ਲਤ ਕਾਰਨ ਬੁੱਝ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ੇ ਦਾ ਇੱਕ ਅਜਿਹਾ ਕੋੜ੍ਹ ਲੱਗ ਚੁੱਕਾ ਹੈ ਜੋ ਰਾਜ ਦੀ ਜਵਾਨੀ ਨੂੰ ਅੰਦਰੋਂ-ਅੰਦਰ ਖੋਖਲਾ ਕਰ ਰਿਹਾ ਹੈ। ਆਪਣੇ ਹਾਲੀਆ ਦੌਰਿਆਂ ਦਾ ਜ਼ਿਕਰ ਕਰਦਿਆਂ ਕੇਵਲ ਢਿੱਲੋਂ ਨੇ ਦੱਸਿਆ ਕਿ ਜਦੋਂ ਉਹ ਬੀਤੇ ਦਿਨ ਫ਼ਾਜ਼ਿਲਕਾ ਗਏ ਤਾਂ ਉੱਥੇ ਇੱਕ 4 ਸਾਲ ਦੇ ਮਾਸੂਮ ਬੱਚੇ ਦੇ ਸਿਰ ਤੋਂ ਪਿਓ ਦਾ ਸਾਇਆ ਉੱਠ ਚੁੱਕਾ ਸੀ, ਜੋ ਨਸ਼ੇ ਦੀ ਭੇਂਟ ਚੜ੍ਹ ਗਿਆ।

ਇਸੇ ਤਰ੍ਹਾਂ ਤਰਨਤਾਰਨ ਦਾ ਇੱਕ ਨੌਜਵਾਨ, ਜਿਸ ਦਾ ਵਿਆਹ ਮਹਿਜ਼ ਇੱਕ ਮਹੀਨਾ ਪਹਿਲਾਂ ਹੋਇਆ ਸੀ, ਨਸ਼ੇ ਕਾਰਨ ਅਕਾਲ ਚਲਾਣਾ ਕਰ ਗਿਆ। ਜਗਰਾਓਂ ਦੀ ਹਾਲਤ ਹੋਰ ਵੀ ਭਿਆਨਕ ਹੈ, ਜਿੱਥੇ ਇੱਕ ਹੀ ਪਰਿਵਾਰ ਦੇ 6 ਜੀਅ ਨਸ਼ੇ ਦੀ ਬਲੀ ਚੜ੍ਹ ਚੁੱਕੇ ਹਨ। ਢਿੱਲੋਂ ਨੇ ਕਿਹਾ ਕਿ ਇਹ ਕੋੜ੍ਹ ਪੰਜਾਬ ਨੂੰ ਪੂਰੀ ਤਰ੍ਹਾਂ ਤਬਾਹ ਕਰ ਰਿਹਾ ਹੈ, ਜਿਸ ਨੂੰ ਰੋਕਣ ਲਈ ਭਾਜਪਾ 4,000 ਕਿਲੋਮੀਟਰ ਦੀ ਯਾਤਰਾ ਕੱਢਣ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦੇਸ਼ ਵਿੱਚੋਂ 2 ਸਾਲਾਂ ਦੇ ਅੰਦਰ ਨਸ਼ੇ ਨੂੰ ਪੂਰੀ ਤਰ੍ਹਾਂ ਖ਼ਤਮ ਕਰਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਕਲਪ ਹੈ ਅਤੇ ਭਾਜਪਾ ਨੇ ਜਿਸ ਵੀ ਰਾਜ ਵਿੱਚ ਜੋ ਵਾਅਦਾ ਕੀਤਾ ਹੈ, ਉਸ ਨੂੰ ਪੂਰਾ ਕਰਕੇ ਦਿਖਾਇਆ ਹੈ।