PU ਸੈਨੇਟ ਚੋਣਾਂ ਲਈ ਕੱਲ੍ਹ ਪੈਣਗੀਆਂ ਵੋਟਾਂ, 6.25 ਲੱਖ ਤੋਂ ਵੱਧ ਗ੍ਰੈਜੂਏਟ ਵੋਟਰ ਕਰਨਗੇ ਮਤਦਾਨ
ਚੰਡੀਗੜ੍ਹ 19 ਸਤੰਬਰ 2026
ਪੰਜਾਬ ਯੂਨੀਵਰਸਿਟੀ ਦੀ ਗਵਰਨਿੰਗ ਬਾਡੀ ਸੈਨੇਟ ਲਈ ਰਜਿਸਟਰਡ ਗ੍ਰੈਜੂਏਟ ਹਲਕਿਆਂ ਦੀ ਚੋਣ ਵਾਸਤੇ ਕੱਲ੍ਹ 20 ਸਤੰਬਰ ਨੂੰ ਮਤਦਾਨ ਹੋਵੇਗਾ। ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਚੋਣ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਵੱਖ-ਵੱਖ ਮਤਦਾਨ ਕੇਂਦਰਾਂ ’ਤੇ ਕਰਮਚਾਰੀਆਂ ਦੀ ਤਾਇਨਾਤੀ ਕਰ ਦਿੱਤੀ ਗਈ ਹੈ ਅਤੇ ਉਹ ਮਤਪੇਟੀਆਂ ਸਮੇਤ ਲੋੜੀਂਦੀ ਚੋਣ ਸਮੱਗਰੀ ਲੈ ਕੇ ਰਵਾਨਾ ਹੋ ਚੁੱਕੇ ਹਨ।
ਯੂਨੀਵਰਸਿਟੀ ਦੇ ਤਰਜਮਾਨ ਅਨੁਸਾਰ ਇਸ ਚੋਣ ਵਿੱਚ ਸੈਨੇਟ ਲਈ ਕੁੱਲ 15 ਮੈਂਬਰ ਚੁਣੇ ਜਾਣੇ ਹਨ। ਇਨ੍ਹਾਂ ਵਿੱਚੋਂ ਦੋ ਮੈਂਬਰ ਪੰਜਾਬ ਅਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਲਈ ਰਾਖਵਾਂ ਹੈ, ਜਦਕਿ 12 ਹੋਰ ਮੈਬਰ ਆਮ ਵਰਗ ਲਈ ਹਨ। ਚੋਣ ਮੈਦਾਨ ਵਿੱਚ ਕੁੱਲ 51 ਉਮੀਦਵਾਰ ਹਨ ਅਤੇ 6,25,784 ਰਜਿਸਟਰਡ ਗ੍ਰੈਜੂਏਟ ਵੋਟਰ ਆਪਣੇ ਮਤਦਾਨ ਦੇ ਅਧਿਕਾਰ ਦੀ ਵਰਤੋਂ ਕਰਨਗੇ।
ਮਤਦਾਨ ਲਈ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਰਾਜਸਥਾਨ, ਦਿੱਲੀ ਅਤੇ ਜੰਮੂ-ਕਸ਼ਮੀਰ ਵਿੱਚ 271 ਕੇਂਦਰ ਬਣਾਏ ਗਏ ਹਨ। ਚੰਡੀਗੜ੍ਹ ਵਿੱਚ 33 ਕੇਂਦਰ ਸਥਾਪਤ ਕੀਤੇ ਗਏ ਹਨ। ਮਤਦਾਨ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗਾ। ਸੈਨਿਕ ਜਵਾਨਾਂ ਲਈ ਡਾਕ ਰਾਹੀਂ ਵੋਟ-ਪੱਤਰ ਪਹਿਲਾਂ ਹੀ ਭੇਜੇ ਜਾ ਚੁੱਕੇ ਹਨ। ਵੋਟਾਂ ਦੀ ਗਿਣਤੀ 23 ਸਤੰਬਰ ਨੂੰ ਸਵੇਰੇ 9:30 ਵਜੇ ਸੈਕਟਰ-14 ਸਥਿਤ ਜਿਮਨੇਜ਼ੀਅਮ ਹਾਲ ਵਿੱਚ ਸ਼ੁਰੂ ਹੋਵੇਗੀ।








