- ਪੁਲਿਸ ਵੱਲੋਂ ਪੰਜਾਬੀ ਗਾਇਕ ਆਰ ਨੇਤ ਨੂੰ ਨੋਟਿਸ ਜਾਰੀ, ਪੜ੍ਹੋ ਕੀ ਹੈ ਮਾਮਲਾ ?
ਚੰਡੀਗੜ੍ਹ: 19 ਸਤੰਬਰ (ਦੇਸ਼ ਕਲਿੱਕ ਬਿਊਰੋ): ਮਸ਼ਹੂਰ ਪੰਜਾਬੀ ਗਾਇਕ ਆਰ ਨੇਤ ਅਤੇ ਉਨ੍ਹਾਂ ਦੀ ਟੀਮ ਨੂੰ ਹਰਿਆਣਾ ਪੁਲਿਸ ਨੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਕੈਥਲ ਜ਼ਿਲ੍ਹੇ ਦੇ ਪਿੰਡ ਕਮਾਲਪੁਰ ਵਿੱਚ ਗੀਤ ਦੀ ਸ਼ੂਟਿੰਗ ਦੌਰਾਨ ਜਨਤਕ ਤੌਰ ’ਤੇ ਹਥਿਆਰਾਂ ਦੇ ਪ੍ਰਦਰਸ਼ਨ ਦੇ ਮਾਮਲੇ ਵਿੱਚ ਇਹ ਨੋਟਿਸ ਜਾਰੀ ਕੀਤਾ ਗਿਆ ਹੈ। ਸ਼ੂਟਿੰਗ ਦੌਰਾਨ ਅਦਾਕਾਰਾ ਸ਼ਿਵਾ ਚੌਧਰੀ ਵੀ ਉਨ੍ਹਾਂ ਦੇ ਨਾਲ ਮੌਜੂਦ ਸੀ।
ਕੈਥਲ ਦੇ ਡੀਐੱਸਪੀ ਬੀਰ ਭਾਨ ਨੇ ਕਿਹਾ ਕਿ ਬਿਨਾਂ ਮਨਜ਼ੂਰੀ ਇਸ ਤਰ੍ਹਾਂ ਦੀ ਗਤੀਵਿਧੀ ਕਰਨਾ ਸੂਬੇ ਵਿੱਚ ਜਾਇਜ਼ ਨਹੀਂ ਹੈ। ਪੁਲਿਸ ਨੇ ਹਥਿਆਰਾਂ ਦੇ ਜਨਤਕ ਪ੍ਰਦਰਸ਼ਨ ਨੂੰ ਨਿਯਮਾਂ ਦੇ ਉਲਟ ਦੱਸਦਿਆਂ ਆਰ ਨੇਤ ਅਤੇ ਉਨ੍ਹਾਂ ਦੀ ਟੀਮ ਤੋਂ ਜਵਾਬ ਮੰਗਿਆ ਹੈ। ਉਨ੍ਹਾਂ ਨੂੰ ਜਲਦ ਤੋਂ ਜਲਦ ਨੋਟਿਸ ਦਾ ਜਵਾਬ ਦੇਣ ਲਈ ਕਿਹਾ ਗਿਆ ਹੈ। ਫਿਲਹਾਲ ਇਸ ਗੀਤ ਦਾ ਨਾਮ ਅਤੇ ਇਸ ਦੀ ਰਿਲੀਜ਼ ਤਾਰੀਖ ਸਾਹਮਣੇ ਨਹੀਂ ਆਈ ਹੈ।
2015 ਵਿੱਚ ਕੀਤੀ ਸੀ ਗਾਇਕੀ ਦੀ ਸ਼ੁਰੂਆਤ
ਮਾਨਸਾ ਜ਼ਿਲ੍ਹੇ ਦੇ ਪਿੰਡ ਧਰਮਪੁਰਾ ਨਾਲ ਸਬੰਧਤ ਆਰ ਨੇਤ ਦਾ ਅਸਲ ਨਾਮ ਨੇਤਰਪਾਲ ਸਿੰਘ ਹੈ। ਉਨ੍ਹਾਂ ਨੇ ਸਾਲ 2015 ਵਿੱਚ ‘ਲਾਂਸਰ 2’ ਗੀਤ ਨਾਲ ਆਪਣੇ ਗਾਇਕੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਹ ਸਿੱਧੂ ਮੂਸੇਵਾਲਾ ਨਾਲ ‘ਪੋਇਜ਼ਨ’ ਅਤੇ ਸਪਨਾ ਚੌਧਰੀ ਨਾਲ ‘ਲੁਟੇਰਾ’ ਸਮੇਤ ਕਈ ਗੀਤਾਂ ਵਿੱਚ ਕੰਮ ਕਰ ਚੁੱਕੇ ਹਨ।
DSP ਨੇ ਹਥਿਆਰਾਂ ਦੇ ਪ੍ਰਦਰਸ਼ਨ ਤੋਂ ਬਚਣ ਦੀ ਅਪੀਲ ਕੀਤੀ
ਡੀਐੱਸਪੀ ਬੀਰ ਭਾਨ ਨੇ ਲੋਕਾਂ ਨੂੰ ਸੋਸ਼ਲ ਮੀਡੀਆ ’ਤੇ ਹਥਿਆਰਾਂ ਦਾ ਬੇਲੋੜਾ ਪ੍ਰਦਰਸ਼ਨ ਨਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਹਥਿਆਰਾਂ ਦਾ ਬੇਲੋੜਾ ਜਨਤਕ ਪ੍ਰਦਰਸ਼ਨ ਕਾਨੂੰਨੀ ਕਾਰਵਾਈ ਦਾ ਕਾਰਨ ਬਣ ਸਕਦਾ ਹੈ। ਜੇਕਰ ਇਸ ਤਰ੍ਹਾਂ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ ਸਾਹਮਣੇ ਆਉਂਦੀਆਂ ਹਨ ਤਾਂ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।








