Breaking: ਤਕਨੀਕੀ ਖਰਾਬੀ ਕਾਰਨ ਏਤਿਹਾਦ ਏਅਰਵੇਜ਼ ਦੀ ਦਿੱਲੀ-ਅਬੂ ਧਾਬੀ ਉਡਾਣ ਰੱਦ, 200 ਯਾਤਰੀ ਪ੍ਰੇਸ਼ਾਨ

Top Trending News ਕੌਮਾਂਤਰੀ

 

Breaking: ਤਕਨੀਕੀ ਖਰਾਬੀ ਕਾਰਨ ਏਤਿਹਾਦ ਏਅਰਵੇਜ਼ ਦੀ ਦਿੱਲੀ-ਅਬੂ ਧਾਬੀ ਉਡਾਣ ਰੱਦ, 200 ਯਾਤਰੀ ਪ੍ਰੇਸ਼ਾਨ

ਨਵੀਂ ਦਿੱਲੀ 20 ਸਤੰਬਰ 2026

ਏਤਿਹਾਦ ਏਅਰਵੇਜ਼ ਦੀ ਦਿੱਲੀ ਤੋਂ ਅਬੂ ਧਾਬੀ ਜਾਣ ਵਾਲੀ ਉਡਾਣ ਤਕਨੀਕੀ ਸਮੱਸਿਆ ਕਾਰਨ ਰੱਦ ਹੋ ਗਈ। ਉਡਾਣ ਰੱਦ ਹੋਣ ਕਾਰਨ ਕਰੀਬ 200 ਯਾਤਰੀਆਂ ਨੂੰ ਦਿੱਲੀ ਹਵਾਈ ਅੱਡੇ ’ਤੇ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਜਾਣਕਾਰੀ ਮੁਤਾਬਕ ਦਿੱਲੀ ਤੋਂ ਅਬੂ ਧਾਬੀ ਜਾਣ ਵਾਲੀ ਏਤਿਹਾਦ ਏਅਰਵੇਜ਼ ਦੀ ਉਡਾਣ EY217 ਨੇ ਰਾਤ ਕਰੀਬ 9:15 ਵਜੇ ਰਵਾਨਾ ਹੋਣਾ ਸੀ। ਯਾਤਰੀਆਂ ਦੇ ਅਨੁਸਾਰ, ਉਡਾਣ ਲਈ ਜਹਾਜ਼ ਵਿੱਚ ਸਵਾਰ ਕਰਵਾਏ ਜਾਣ ਤੋਂ ਬਾਅਦ ਕਰੀਬ 200 ਯਾਤਰੀਆਂ ਨੂੰ ਮੁੜ ਜਹਾਜ਼ ਤੋਂ ਉਤਾਰ ਦਿੱਤਾ ਗਿਆ। ਇਸ ਦੌਰਾਨ ਚਾਲਕ ਦਲ ਵੱਲੋਂ ਜਹਾਜ਼ ਵਿੱਚ ਤਕਨੀਕੀ ਸਮੱਸਿਆ ਆਉਣ ਦੀ ਜਾਣਕਾਰੀ ਦਿੱਤੀ ਗਈ।

ਯਾਤਰੀਆਂ ਨੂੰ ਕਈ ਘੰਟਿਆਂ ਤੱਕ ਉਡਾਣ ਦੇ ਮੁੜ ਚੱਲਣ ਦੀ ਉਮੀਦ ਰਹੀ, ਪਰ ਬਾਅਦ ਵਿੱਚ ਏਅਰਲਾਈਨ ਵੱਲੋਂ ਉਡਾਣ ਰੱਦ ਕਰਨ ਦਾ ਐਲਾਨ ਕਰ ਦਿੱਤਾ ਗਿਆ। ਇਸ ਤੋਂ ਬਾਅਦ ਯਾਤਰੀਆਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਬਦਲਵੇਂ ਯਾਤਰਾ ਪ੍ਰਬੰਧ ਕਰਨੇ ਪਏ।

ਫਲਾਈਟਾਂ ਦੀ ਨਿਗਰਾਨੀ ਕਰਨ ਵਾਲੀ ਵੈੱਬਸਾਈਟ FlightRadar24 ਮੁਤਾਬਕ, ਇਸ ਉਡਾਣ ਲਈ ਬੋਇੰਗ 787-9 ਜਹਾਜ਼ ਦੀ ਵਰਤੋਂ ਕੀਤੀ ਜਾਣੀ ਸੀ। ਫਿਲਹਾਲ ਤਕਨੀਕੀ ਖਰਾਬੀ ਦੀ ਵਿਸਥਾਰਪੂਰਵਕ ਜਾਣਕਾਰੀ ਸਾਹਮਣੇ ਨਹੀਂ ਆ ਸਕੀ।