- ਭਿਆਨਕ ਸੜਕ ਹਾਦਸੇ ‘ਚ ਪਿਓ-ਪੁੱਤ ਦੀ ਮੌਤ, ਮਾਂ ਗੰਭੀਰ ਜ਼ਖਮੀ
ਕਪੂਰਥਲਾ, 21 ਸਤੰਬਰ (ਦੇਸ਼ ਕਲਿੱਕ ਬਿਊਰੋ): ਜਲੰਧਰ ਰੋਡ ’ਤੇ ਪਿੰਡ ਅਠੌਲਾ ਨੇੜੇ ਟਰੱਕ ਅਤੇ ਮੋਟਰਸਾਈਕਲ ਦੀ ਟੱਕਰ ਵਿੱਚ ਪਿਤਾ-ਪੁੱਤਰ ਦੀ ਮੌਤ ਹੋ ਗਈ, ਜਦਕਿ ਮਾਂ ਗੰਭੀਰ ਜ਼ਖਮੀ ਹੋ ਗਈ। ਮ੍ਰਿਤਕਾਂ ਦੀ ਪਛਾਣ ਕੈਲਾਸ਼ ਅਤੇ ਉਸਦੇ ਪੁੱਤਰ ਲਵਕੁਸ਼ ਵਜੋਂ ਹੋਈ ਹੈ, ਜਦਕਿ ਜ਼ਖਮੀ ਮਹਿਲਾ ਦੀ ਪਛਾਣ ਗੌਰੀ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਬਿਹਾਰ ਨਾਲ ਸਬੰਧਤ ਇਹ ਪਰਿਵਾਰ ਇਸ ਸਮੇਂ ਪਿੰਡ ਅਠੌਲਾ ਵਿੱਚ ਰਹਿ ਰਿਹਾ ਸੀ। ਤਿੰਨੇ ਮੋਟਰਸਾਈਕਲ ’ਤੇ ਕਪੂਰਥਲਾ ਤੋਂ ਆਪਣੇ ਪਿੰਡ ਵੱਲ ਜਾ ਰਹੇ ਸਨ। ਇਸ ਦੌਰਾਨ ਅਠੌਲਾ ਨੇੜੇ ਉਨ੍ਹਾਂ ਦੇ ਮੋਟਰਸਾਈਕਲ ਦੀ ਟਰੱਕ ਨਾਲ ਟੱਕਰ ਹੋ ਗਈ।
ਹਾਦਸੇ ਵਿੱਚ ਲਵਕੁਸ਼ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਕੈਲਾਸ਼ ਅਤੇ ਗੌਰੀ ਨੂੰ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਕਪੂਰਥਲਾ ਲਿਜਾਇਆ ਗਿਆ। ਡਿਊਟੀ ਡਾਕਟਰ ਜਸ਼ਨ ਨੇ ਜਾਂਚ ਮਗਰੋਂ ਕੈਲਾਸ਼ ਨੂੰ ਵੀ ਮ੍ਰਿਤਕ ਐਲਾਨ ਦਿੱਤਾ। ਗੌਰੀ ਦਾ ਹਸਪਤਾਲ ਵਿੱਚ ਇਲਾਜ ਜਾਰੀ ਹੈ।
ਘਟਨਾ ਦੀ ਸੂਚਨਾ ਮਿਲਣ ’ਤੇ ਪੀਸੀਆਰ ਇੰਚਾਰਜ ਰਣਜੀਤ ਸਿੰਘ ਟੀਮ ਸਮੇਤ ਹਸਪਤਾਲ ਪਹੁੰਚੇ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਸੂਚਨਾ ਸਬੰਧਿਤ ਥਾਣੇ ਨੂੰ ਦੇ ਦਿੱਤੀ ਗਈ ਹੈ। ਕੈਲਾਸ਼ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾ ਘਰ ਵਿੱਚ ਰਖਵਾ ਦਿੱਤਾ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।








