ਮਨੀ ਲਾਂਡਰਿੰਗ ਮਾਮਲੇ ‘ਚ ED ਦੀ ਵੱਡੀ ਕਾਰਵਾਈ: 26 ਥਾਵਾਂ ‘ਤੇ ਛਾਪੇ

Top Trending News ਪੰਜਾਬ ਰਾਸ਼ਟਰੀ

  • ਮਨੀ ਲਾਂਡਰਿੰਗ ਮਾਮਲੇ ‘ਚ ED ਦੀ ਵੱਡੀ ਕਾਰਵਾਈ: 26 ਥਾਵਾਂ ‘ਤੇ ਛਾਪੇ

ਨਵੀਂ ਦਿੱਲੀ, 22 ਸਤੰਬਰ 2026 (ਦੇਸ਼ ਕਲਿੱਕ ਬਿਊਰੋ): ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਮੰਗਲਵਾਰ ਨੂੰ ਮਨੀ ਲਾਂਡਰਿੰਗ ਮਾਮਲੇ ਨਾਲ ਜੁੜੀ ਜਾਂਚ ਤਹਿਤ ਦਿੱਲੀ, ਚੰਡੀਗੜ੍ਹ, ਹਰਿਆਣਾ ਅਤੇ ਪੰਜਾਬ ਵਿੱਚ 26 ਥਾਵਾਂ ‘ਤੇ ਸਰਚ ਅਤੇ ਸਰਵੇ ਦੀ ਕਾਰਵਾਈ ਕੀਤੀ। ਇਹ ਕਾਰਵਾਈ ਤਿਰੂਪਤੀ ਇਨਫ੍ਰਾਪ੍ਰੋਜੈਕਟਸ ਪ੍ਰਾਈਵੇਟ ਲਿਮਟਿਡ ਨਾਲ ਸਬੰਧਤ ਮਾਮਲੇ ਵਿੱਚ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ (PMLA), 2002 ਤਹਿਤ ਕੀਤੀ ਜਾ ਰਹੀ ਹੈ।

ਅਧਿਕਾਰੀਆਂ ਮੁਤਾਬਕ ਦਿੱਲੀ ਤੋਂ ਇਲਾਵਾ ਹਰਿਆਣਾ ਦੇ ਪੰਚਕੂਲਾ ਅਤੇ ਪੰਜਾਬ ਦੇ ਮੋਹਾਲੀ ਤੇ ਲੁਧਿਆਣਾ ਵਿੱਚ ਸ਼ੱਕੀ ਵਿਅਕਤੀਆਂ ਨਾਲ ਸਬੰਧਤ ਟਿਕਾਣਿਆਂ ਦੀ ਤਲਾਸ਼ੀ ਲਈ ਜਾ ਰਹੀ ਹੈ। ਕਾਰਵਾਈ ਤਿਰੂਪਤੀ ਇਨਫ੍ਰਾਪ੍ਰੋਜੈਕਟਸ ਪ੍ਰਾਈਵੇਟ ਲਿਮਟਿਡ ਦੇ ਪ੍ਰਮੋਟਰਾਂ, ਡਾਇਰੈਕਟਰਾਂ ਅਤੇ ਇਸ ਨਾਲ ਜੁੜੇ ਵਿਅਕਤੀਆਂ ਤੋਂ ਇਲਾਵਾ ਰੈਮੀਗੇਟ ਬਿਲਡਇਸਟੇਟਸ (ਇੰਡੀਆ) ਪ੍ਰਾਈਵੇਟ ਲਿਮਟਿਡ, ਐੱਮਬੀ ਇਨਫ੍ਰਾਬਿਲਡ ਪ੍ਰਾਈਵੇਟ ਲਿਮਟਿਡ, ਮੇਰਾ ਬਾਬਾ ਰਿਐਲਟੀ ਐਸੋਸੀਏਟਸ ਪ੍ਰਾਈਵੇਟ ਲਿਮਟਿਡ ਅਤੇ ਮੇਰਾ ਬਾਬਾ ਇਨਫ੍ਰਾਸਟਰਕਚਰ ਪ੍ਰਾਈਵੇਟ ਲਿਮਟਿਡ ਨਾਲ ਜੁੜੇ ਟਿਕਾਣਿਆਂ ‘ਤੇ ਵੀ ਕੀਤੀ ਜਾ ਰਹੀ ਹੈ।

GMADA ਤੇ ਪੰਜਾਬ ਸਰਕਾਰ ਦੇ ਦਫ਼ਤਰਾਂ ‘ਚ ਵੀ ਸਰਵੇ
ED ਵੱਲੋਂ PMLA ਦੀ ਧਾਰਾ 16 ਤਹਿਤ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (GMADA) ਦੇ ਦਫ਼ਤਰ ਅਤੇ ਪੰਜਾਬ ਸਰਕਾਰ ਦੇ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਵਿਭਾਗ ਦੇ ਦਫ਼ਤਰਾਂ ਵਿੱਚ ਵੀ ਸਰਵੇ ਕੀਤਾ ਜਾ ਰਿਹਾ ਹੈ। ਇਸ ਦਾ ਮਕਸਦ ਮੁਲਜ਼ਮ ਕੰਪਨੀਆਂ ਅਤੇ GMADA ਵਿਚਾਲੇ ਹੋਏ ਲੈਣ-ਦੇਣ ਨਾਲ ਸਬੰਧਤ ਸਬੂਤ ਇਕੱਠੇ ਕਰਨਾ ਦੱਸਿਆ ਗਿਆ ਹੈ।

₹290 ਕਰੋੜ ਦੇ ਬੈਂਕ ਫਰਾਡ ਨਾਲ ਜੁੜਿਆ ਮਾਮਲਾ
ਅਧਿਕਾਰੀਆਂ ਮੁਤਾਬਕ ਤਿਰੂਪਤੀ ਇਨਫ੍ਰਾਪ੍ਰੋਜੈਕਟਸ ਪ੍ਰਾਈਵੇਟ ਲਿਮਟਿਡ CBI ਅਤੇ ED ਦੀ ਜਾਂਚ ਦਾ ਵੀ ਸਾਹਮਣਾ ਕਰ ਰਹੀ ਹੈ। ਮਾਮਲਾ ਨਵੀਂ ਦਿੱਲੀ ਦੇ ਪੱਛਮੀ ਵਿਹਾਰ ਸਥਿਤ ਰੈਡੀਸਨ ਬਲੂ ਹੋਟਲ ਪ੍ਰਾਜੈਕਟ ਨਾਲ ਜੁੜੇ ਕਰੀਬ 290 ਕਰੋੜ ਰੁਪਏ ਦੇ ਕਥਿਤ ਬੈਂਕ ਫਰਾਡ ਨਾਲ ਸਬੰਧਤ ਹੈ। ED ਦੀ PMLA ਤਹਿਤ ਜਾਂਚ ਵਿੱਚ ਸਾਹਮਣੇ ਆਉਣ ਦਾ ਦਾਅਵਾ ਕੀਤਾ ਗਿਆ ਹੈ ਕਿ ਤਿਰੂਪਤੀ ਇਨਫ੍ਰਾਪ੍ਰੋਜੈਕਟਸ ਦੇ ਪ੍ਰਮੋਟਰ ਰੈਮੀਗੇਟ ਬਿਲਡਇਸਟੇਟਸ (ਇੰਡੀਆ) ਪ੍ਰਾਈਵੇਟ ਲਿਮਟਿਡ ਅਤੇ ਐੱਮਬੀ ਇਨਫ੍ਰਾਬਿਲਡ ਪ੍ਰਾਈਵੇਟ ਲਿਮਟਿਡ ਨੂੰ ਵੀ ਕੰਟਰੋਲ ਕਰਦੇ ਹਨ। ਇਨ੍ਹਾਂ ਕੰਪਨੀਆਂ ਨੇ GMADA ਤੋਂ ਮੋਹਾਲੀ ਵਿੱਚ ਨਿਲਾਮੀ ਰਾਹੀਂ ਦੋ ਕੀਮਤੀ ਸਾਈਟਾਂ ਹਾਸਲ ਕੀਤੀਆਂ ਸਨ।

ਅਧਿਕਾਰੀਆਂ ਮੁਤਾਬਕ ਬਾਅਦ ਵਿੱਚ ਇਨ੍ਹਾਂ ਕੰਪਨੀਆਂ ਨੂੰ GMADA ਨੂੰ ਅਦਾ ਕੀਤੇ ਜਾਣ ਵਾਲੇ ਬਕਾਏ ਵਿੱਚ ਕਾਫ਼ੀ ਵਿੱਤੀ ਰਾਹਤ ਮਿਲੀ। ਜਾਂਚ ਏਜੰਸੀ ਦਾ ਦਾਅਵਾ ਹੈ ਕਿ ਕੰਪਨੀਆਂ ਨੂੰ ਹੋਇਆ ਕਥਿਤ ‘ਨਾਜਾਇਜ਼ ਲਾਭ’ ਅਤੇ ਸਰਕਾਰੀ ਖ਼ਜ਼ਾਨੇ ਨੂੰ ਹੋਇਆ ਨੁਕਸਾਨ 100 ਕਰੋੜ ਰੁਪਏ ਤੋਂ ਵੱਧ ਹੈ।

GMADA ਨਾਲ ਜੁੜੀ ਕਨਸਲਟੈਂਸੀ ਫਰਮ ਵੀ ਜਾਂਚ ਦੇ ਘੇਰੇ ‘ਚ
ED ਵੱਲੋਂ ਟਿਲਾ ਕੰਸਲਟੈਂਟਸ ਐਂਡ ਕਾਂਟਰੈਕਟਰਜ਼ ਪ੍ਰਾਈਵੇਟ ਲਿਮਟਿਡ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ। ਇਹ ਕੰਪਨੀ GMADA ਨਾਲ ਵੱਖ-ਵੱਖ ਕਨਸਲਟੈਂਸੀ ਕੰਮਾਂ ਨਾਲ ਜੁੜੀ ਹੋਈ ਹੈ। ਅਧਿਕਾਰੀਆਂ ਮੁਤਾਬਕ ਇਸ ‘ਤੇ ਕਥਿਤ ਘਪਲੇ ਵਿੱਚ ਵਿਚੋਲੇ ਵਜੋਂ ਕੰਮ ਕਰਨ ਦਾ ਸ਼ੱਕ ਹੈ। ਜਾਂਚ ਦੌਰਾਨ ਹੋਰ ਦਸਤਾਵੇਜ਼ ਅਤੇ ਜਾਣਕਾਰੀ ਸਾਹਮਣੇ ਆਉਣ ਦੀ ਉਮੀਦ ਹੈ।