ਅੰਮ੍ਰਿਤਸਰ ’ਚ ਪੁਲਿਸ ਮੁਕਾਬਲਾ: ASI ’ਤੇ ਗੋਲੀਆਂ ਚਲਾਉਣ ਵਾਲਾ ਸ਼ੂਟਰ ਕਰਨਵੀਰ ਸਿੰਘ ਨੰਦੀ ਮਾਰਿਆ ਗਿਆ
ਅੰਮ੍ਰਿਤਸਰ, 26 ਸਤੰਬਰ 2026- ਅੰਮ੍ਰਿਤਸਰ ਵਿੱਚ ASI ਜਸਵੰਤ ਸਿੰਘ ’ਤੇ ਗੋਲੀਆਂ ਚਲਾਉਣ ਦੇ ਮਾਮਲੇ ਨਾਲ ਜੁੜੇ ਸ਼ੂਟਰ ਕਰਨਵੀਰ ਨੰਦੀ ਨੂੰ ਪੁਲਿਸ ਮੁਕਾਬਲੇ ਦੌਰਾਨ ਮਾਰੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਮੁਕਾਬਲਾ ਅੰਮ੍ਰਿਤਸਰ ਦੇ ਪਿੰਡ ਕੰਧੋਵਾਲੀਆ ਵਿੱਚ ਹੋਇਆ ਦੱਸਿਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਕਰਨਵੀਰ ਸਿੰਘ ਨੰਦੀ ਬੀਤੇ ਦਿਨ ਪੁਲਿਸ ਦੀ ਹਿਰਾਸਤ ਵਿੱਚੋਂ ਫਰਾਰ ਹੋ ਗਿਆ ਸੀ। ਇਸ ਤੋਂ ਬਾਅਦ ਪੁਲਿਸ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਸੀ। ਅੱਜ ਪੁਲਿਸ ਨੂੰ ਉਸ ਦੀ ਮੌਜੂਦਗੀ ਬਾਰੇ ਸੂਚਨਾ ਮਿਲਣ ਤੋਂ ਬਾਅਦ ਕਾਰਵਾਈ ਕੀਤੀ ਗਈ, ਜਿਸ ਦੌਰਾਨ ਪੁਲਿਸ ਅਤੇ ਕਰਨਵੀਰ ਸਿੰਘ ਵਿਚਾਲੇ ਗੋਲੀਬਾਰੀ ਹੋਈ।
ਸੂਤਰਾਂ ਮੁਤਾਬਕ ਮੁਕਾਬਲੇ ਦੌਰਾਨ ਕਰਨਵੀਰ ਸਿੰਘ ਨੰਦੀ ਨੂੰ ਦੋ ਗੋਲੀਆਂ ਲੱਗੀਆਂ। ਇਸ ਤੋਂ ਇਲਾਵਾ ਇੱਕ ਪੁਲਿਸ ਕਰਮਚਾਰੀ ਦੇ ਵੀ ਜ਼ਖਮੀ ਹੋਣ ਦੀ ਜਾਣਕਾਰੀ ਹੈ। ਜ਼ਖਮੀ ਪੁਲਿਸ ਮੁਲਾਜ਼ਮ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਹੈ।
ਫਿਲਹਾਲ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਕਾਬਲੇ ਨਾਲ ਸਬੰਧਤ ਹੋਰ ਵੇਰਵੇ ਇਕੱਠੇ ਕੀਤੇ ਜਾ ਰਹੇ ਹਨ।







