ਬਟਾਲਾ ‘ਚ ਦੋਹਰਾ ਕ/ਤਲ! ਨਸ਼ੇੜੀ ਪਤੀ ਨੇ ਪਤਨੀ ਅਤੇ ਮਾਸੂਮ ਧੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਮਾਰਿਆ
ਬਟਾਲਾ, 26 ਸਤੰਬਰ 2026- ਬਟਾਲਾ ਦੀ ਪੌਸ਼ ਫ਼ਰੈਂਡਜ਼ ਕਲੋਨੀ ਵਿੱਚ ਅੱਜ ਸਵੇਰੇ ਘਰੇਲੂ ਕਲੇਸ਼ ਦੌਰਾਨ ਇੱਕ ਵਿਅਕਤੀ ਵੱਲੋਂ ਆਪਣੀ ਪਤਨੀ ਅਤੇ ਕਰੀਬ 10 ਤੋਂ 12 ਸਾਲ ਦੀ ਧੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰਨ ਦਾ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਵਾਰਦਾਤ ਤੋਂ ਬਾਅਦ ਮੁਲਜ਼ਮ ਘਰ ਨੂੰ ਬਾਹਰੋਂ ਤਾਲਾ ਲਗਾ ਕੇ ਫ਼ਰਾਰ ਹੋ ਗਿਆ।
ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਮ੍ਰਿਤਕਾ ਦਾ ਭਰਾ ਰੋਜ਼ਾਨਾ ਦੀ ਤਰ੍ਹਾਂ ਆਪਣੀ ਭਾਣਜੀ ਨੂੰ ਸਕੂਲ ਛੱਡਣ ਲਈ ਫ਼ੋਨ ਕਰ ਰਿਹਾ ਸੀ। ਕਈ ਵਾਰ ਫ਼ੋਨ ਕਰਨ ਦੇ ਬਾਵਜੂਦ ਜਦੋਂ ਕੋਈ ਜਵਾਬ ਨਾ ਮਿਲਿਆ ਤਾਂ ਉਹ ਭੈਣ ਦੇ ਘਰ ਪਹੁੰਚਿਆ। ਬਾਹਰੋਂ ਤਾਲਾ ਲੱਗਾ ਹੋਣ ’ਤੇ ਉਸ ਨੇ ਤਾਲਾ ਤੋੜ ਕੇ ਅੰਦਰ ਦਾਖ਼ਲ ਹੋਇਆ ਤਾਂ ਕਮਰੇ ਵਿੱਚ ਭੈਣ ਅਤੇ ਭਾਣਜੀ ਦੀਆਂ ਖ਼ੂਨ ਨਾਲ ਲੱਥਪੱਥ ਲਾਸ਼ਾਂ ਮਿਲੀਆਂ।
ਮ੍ਰਿਤਕਾ ਦੇ ਭਰਾ ਨੇ ਦੋਸ਼ ਲਾਇਆ ਕਿ ਉਸ ਦਾ ਜੀਜਾ ਨਸ਼ੇ ਦਾ ਆਦੀ ਸੀ ਅਤੇ ਅਕਸਰ ਘਰ ਵਿੱਚ ਝਗੜਾ ਕਰਦਾ ਸੀ। ਸੂਚਨਾ ਮਿਲਣ ’ਤੇ ਥਾਣਾ ਸਿਵਲ ਲਾਈਨਜ਼ ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਮੁਤਾਬਕ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।







