- ਮਮਤਾ ਬੈਨਰਜੀ ਦੀ ਰੈਲੀ ’ਚ ਜਾ ਰਹੇ TMC ਵਿਧਾਇਕ ਕੂਣਾਲ ਘੋਸ਼ ਦੀ ਕਾਰ ’ਤੇ ਹਮਲਾ
ਕੋਲਕਾਤਾ, 26 ਸਤੰਬਰ (ਦੇਸ਼ ਕਲਿੱਕ ਬਿਊਰੋ): ਪੱਛਮੀ ਬੰਗਾਲ ਦੇ ਹੁਗਲੀ ਜ਼ਿਲ੍ਹੇ ਦੇ ਉੱਤਰਪਾੜਾ ਵਿੱਚ ਤ੍ਰਿਣਮੂਲ ਕਾਂਗਰਸ (TMC) ਦੇ ਵਿਧਾਇਕ ਕੂਣਾਲ ਘੋਸ਼ ਦੀ ਕਾਰ ’ਤੇ ਹਮਲੇ ਦੀ ਘਟਨਾ ਸਾਹਮਣੇ ਆਈ ਹੈ। ਘਟਨਾ ਉਸ ਸਮੇਂ ਵਾਪਰੀ ਜਦੋਂ ਕੂਣਾਲ ਘੋਸ਼ ਸ਼੍ਰੀਰਾਮਪੁਰ ਵਿੱਚ ਹੋ ਰਹੀ ਮਮਤਾ ਬੈਨਰਜੀ ਦੀ ਰੈਲੀ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ।
ਰਿਪੋਰਟਾਂ ਮੁਤਾਬਕ ਉੱਤਰਪਾੜਾ ਵਿੱਚ ਕੁਝ ਲੋਕਾਂ ਨੇ ਉਨ੍ਹਾਂ ਦੀ ਕਾਰ ਨੂੰ ਘੇਰ ਲਿਆ ਅਤੇ ਕਾਲੇ ਝੰਡੇ ਦਿਖਾਏ। ਇਸ ਦੌਰਾਨ ਕਾਰ ’ਤੇ ਅੰਡੇ ਅਤੇ ਪੱਥਰ ਸੁੱਟੇ ਜਾਣ ਦੀ ਗੱਲ ਸਾਹਮਣੇ ਆਈ ਹੈ। ਹਮਲੇ ਵਿੱਚ ਕਾਰ ਦੇ ਅੱਗੇ ਅਤੇ ਪਿੱਛੇ ਦੇ ਸ਼ੀਸ਼ਿਆਂ ਨੂੰ ਨੁਕਸਾਨ ਪਹੁੰਚਣ ਦੀ ਜਾਣਕਾਰੀ ਹੈ। ਕੂਣਾਲ ਘੋਸ਼ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੂੰ ਕਾਰ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਵੀ ਕੀਤੀ ਗਈ।
ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਕੁਝ ਲੋਕ ਕਾਰ ਨੂੰ ਘੇਰ ਕੇ ਕਾਲੇ ਝੰਡੇ ਲਹਿਰਾਉਂਦੇ ਅਤੇ ਨਾਅਰੇਬਾਜ਼ੀ ਕਰਦੇ ਦਿਖਾਈ ਦੇ ਰਹੇ ਹਨ। ਇਸ ਤੋਂ ਬਾਅਦ ਕਾਰ ’ਤੇ ਪੱਥਰ ਅਤੇ ਅੰਡੇ ਸੁੱਟੇ ਜਾਣ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
ਹਮਲੇ ਲਈ TMC ਵੱਲੋਂ ਭਾਜਪਾ ਸਮਰਥਕਾਂ ’ਤੇ ਦੋਸ਼ ਲਗਾਏ ਗਏ ਹਨ, ਜਦਕਿ ਭਾਜਪਾ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਹੈ। ਭਾਜਪਾ ਵੱਲੋਂ ਘਟਨਾ ਪਿੱਛੇ TMC ਦੇ ਅੰਦਰੂਨੀ ਵਿਵਾਦ ਦਾ ਦਾਅਵਾ ਵੀ ਕੀਤਾ ਗਿਆ ਹੈ। ਫਿਲਹਾਲ ਹਮਲੇ ਵਿੱਚ ਸ਼ਾਮਲ ਲੋਕਾਂ ਦੀ ਪਛਾਣ ਸਬੰਧੀ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ।
ਦੱਸਿਆ ਜਾ ਰਿਹਾ ਹੈ ਕਿ ਘਟਨਾ ਤੋਂ ਬਾਅਦ ਕੂਣਾਲ ਘੋਸ਼ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਕੋਲ ਸ਼ਿਕਾਇਤ ਦਰਜ ਕਰਵਾਉਣ ਲਈ ਭਵਾਨੀ ਭਵਨ ਪਹੁੰਚੇ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।







