ਪੰਜਾਬ ‘ਚ ASI ਦੀ ਪਤਨੀ ਨਾਲ ਪਿਸਤੌਲ ਦੀ ਨੋਕ ‘ਤੇ ਜਬਰ-ਜਨਾਹ

Top Trending News ਪੰਜਾਬ
  • ਪੰਜਾਬ ‘ਚ ASI ਦੀ ਪਤਨੀ ਨਾਲ ਪਿਸਤੌਲ ਦੀ ਨੋਕ ‘ਤੇ ਜਬਰ-ਜਨਾਹ

ਤਰਨਤਾਰਨ, 26 ਸਤੰਬਰ (ਦੇਸ਼ ਕਲਿੱਕ ਬਿਊਰੋ): ਤਰਨਤਾਰਨ ਦੀ ਇੱਕ ਕਾਲੋਨੀ ਵਿੱਚ ਪੰਜਾਬ ਪੁਲਿਸ ਦੇ ਇੱਕ ASI ਦੀ ਪਤਨੀ ਨਾਲ ਕਥਿਤ ਜਬਰ-ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਨੇ ਇੱਕ ਦੁੱਧ ਵਾਲੇ ਨਿਰਮਲਜੀਤ ਸਿੰਘ ਉਰਫ਼ ਨਿੰਮਾ ’ਤੇ ਪਿਸਤੌਲ ਦੀ ਨੋਕ ’ਤੇ ਘਰ ਵਿੱਚ ਦਾਖਲ ਹੋ ਕੇ ਵਾਰਦਾਤ ਕਰਨ, ਅਸ਼ਲੀਲ ਵੀਡੀਓ ਬਣਾਉਣ ਅਤੇ ਘਰੋਂ ਸੋਨੇ ਦੇ ਗਹਿਣੇ ਲੈ ਜਾਣ ਦੇ ਦੋਸ਼ ਲਗਾਏ ਹਨ।

ਪੁਲਿਸ ਨੂੰ ਦਿੱਤੀ ਸ਼ਿਕਾਇਤ ਮੁਤਾਬਕ ਘਟਨਾ ਜੂਨ ਮਹੀਨੇ ਦੀ ਹੈ। ਸਵੇਰੇ ਕਰੀਬ 9 ਤੋਂ 10 ਵਜੇ ਦੇ ਵਿਚਕਾਰ ਮਹਿਲਾ ਘਰ ਵਿੱਚ ਇਕੱਲੀ ਸੀ। ਇਸ ਦੌਰਾਨ ਮੁਲਜ਼ਮ ਕਥਿਤ ਤੌਰ ’ਤੇ ਜ਼ਬਰਦਸਤੀ ਘਰ ਵਿੱਚ ਦਾਖਲ ਹੋਇਆ ਅਤੇ ਪਿਸਤੌਲ ਦਿਖਾ ਕੇ ਉਸ ਨੂੰ ਬੰਧਕ ਬਣਾ ਲਿਆ। ਪੀੜਤਾ ਦਾ ਦੋਸ਼ ਹੈ ਕਿ ਇਸ ਤੋਂ ਬਾਅਦ ਉਸ ਨਾਲ ਜਬਰ-ਜਨਾਹ ਕੀਤਾ ਗਿਆ ਅਤੇ ਉਸ ਦੀ ਅਸ਼ਲੀਲ ਵੀਡੀਓ ਵੀ ਬਣਾਈ ਗਈ। ਜਾਂਦੇ ਸਮੇਂ ਮੁਲਜ਼ਮ ਵੱਲੋਂ ਘਰ ਵਿੱਚੋਂ ਸੋਨੇ ਦੇ ਗਹਿਣੇ ਲੈ ਜਾਣ ਦਾ ਵੀ ਦੋਸ਼ ਹੈ।

ਵੀਡੀਓ ਵਾਇਰਲ ਕਰਨ ਦੀ ਧਮਕੀ ਦੇਣ ਦਾ ਦੋਸ਼
ਪੀੜਤਾ ਮੁਤਾਬਕ ਵਾਰਦਾਤ ਤੋਂ ਬਾਅਦ ਮੁਲਜ਼ਮ ਨੇ ਉਸ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਨੇ ਕਿਸੇ ਨੂੰ ਘਟਨਾ ਬਾਰੇ ਦੱਸਿਆ ਤਾਂ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦੇਵੇਗਾ ਅਤੇ ਜਾਨੋਂ ਮਾਰ ਦੇਵੇਗਾ। ਡਰ ਕਾਰਨ ਮਹਿਲਾ ਨੇ ਕਾਫ਼ੀ ਸਮੇਂ ਤੱਕ ਕਿਸੇ ਨੂੰ ਕੁਝ ਨਹੀਂ ਦੱਸਿਆ। ਸ਼ਿਕਾਇਤ ਅਨੁਸਾਰ, ਮੁਲਜ਼ਮ ਵੱਲੋਂ ਕਥਿਤ ਤੌਰ ’ਤੇ ਲਗਾਤਾਰ ਬਲੈਕਮੇਲ ਕੀਤੇ ਜਾਣ ਤੋਂ ਪਰੇਸ਼ਾਨ ਹੋ ਕੇ ਮਹਿਲਾ ਨੇ ਆਖ਼ਰਕਾਰ ਆਪਣੇ ਪਤੀ ਨੂੰ ਸਾਰੀ ਘਟਨਾ ਦੱਸੀ, ਜਿਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ।

ਪੁਲਿਸ ਵੱਲੋਂ ਕੇਸ ਦਰਜ, ਮੁਲਜ਼ਮ ਦੀ ਭਾਲ ਜਾਰੀ
ਮਾਮਲੇ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਨਿਰਮਲਜੀਤ ਸਿੰਘ ਉਰਫ਼ ਨਿੰਮਾ ਖ਼ਿਲਾਫ਼ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਮੁਤਾਬਕ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ ਮੁਲਜ਼ਮ ਦਾ ਪਹਿਲਾਂ ਵੀ ਅਪਰਾਧਿਕ ਰਿਕਾਰਡ ਹੈ ਅਤੇ ਉਸ ਖ਼ਿਲਾਫ਼ ਚੋਰੀ ਦੇ ਮਾਮਲੇ ਦਰਜ ਹਨ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਜਲਦ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।