ਵੱਡੀ ਖ਼ਬਰ: ਲੁਧਿਆਣਾ ਵਿੱਚ 4 ਮਹੀਨੇ ਦਾ ਬੱਚਾ ਅਗਵਾ

Top Trending News ਪੰਜਾਬ
  • ਵੱਡੀ ਖ਼ਬਰ: ਲੁਧਿਆਣਾ ਵਿੱਚ 4 ਮਹੀਨੇ ਦਾ ਬੱਚਾ ਅਗਵਾ

ਲੁਧਿਆਣਾ, 27 ਸਤੰਬਰ (ਦੇਸ਼ ਕਲਿੱਕ ਬਿਊਰੋ): ਲੁਧਿਆਣਾ ਦੇ ਨਿਊ ਚੰਦਰ ਨਗਰ ਇਲਾਕੇ ਵਿੱਚ 4 ਮਹੀਨੇ ਦੇ ਬੱਚੇ ਦੇ ਅਗਵਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੀ ਦੀ ਭੈਣ ਆਪਣੇ ਦੋ ਭਰਾਵਾਂ, 4 ਸਾਲਾ ਅਤੇ 4 ਮਹੀਨੇ ਦੇ ਆਰਯਨ ਨੂੰ ਲੈ ਕੇ ਘਰ ਨੇੜੇ ਦੁਕਾਨ ਤੋਂ ਸਾਮਾਨ ਲੈਣ ਗਈ ਸੀ। ਇਸ ਦੌਰਾਨ ਇੱਕ ਨੌਜਵਾਨ ਅਤੇ ਔਰਤ ਉੱਥੇ ਪਹੁੰਚੇ।

ਦੋਵਾਂ ਨੇ ਬੱਚੀ ਨੂੰ ਕਿਹਾ ਕਿ ‘ਆਲੋਕ ਭਈਆ ਲੜਕੇ ਨੂੰ ਬੁਲਾ ਰਹੇ ਹਨ, ਸਾਨੂੰ ਦੇ ਦਿਓ।’ ਇਸ ਤੋਂ ਬਾਅਦ ਉਨ੍ਹਾਂ ਨੇ ਉਸ ਦੇ ਹੱਥੋਂ 4 ਮਹੀਨੇ ਦੇ ਆਰਯਨ ਨੂੰ ਝਪਟ ਕੇ ਲਿਆ ਅਤੇ ਫਰਾਰ ਹੋ ਗਏ। ਬੱਚੇ ਦੀ ਭੈਣ ਸੋਨਮ ਨੇ ਕੁਝ ਦੂਰ ਤੱਕ ਉਨ੍ਹਾਂ ਦਾ ਪਿੱਛਾ ਕੀਤਾ, ਪਰ ਦੋਵੇਂ ਗਲੀਆਂ ਵਿੱਚ ਗਾਇਬ ਹੋ ਗਏ। ਪਰਿਵਾਰ ਮੁਤਾਬਕ ਬੱਚੇ ਨੂੰ ਲੈ ਕੇ ਫਰਾਰ ਹੋਏ ਨੌਜਵਾਨ ਦੀ ਉਮਰ ਕਰੀਬ 25-26 ਸਾਲ ਅਤੇ ਔਰਤ ਦੀ ਉਮਰ ਕਰੀਬ 30 ਸਾਲ ਹੈ।

ਅਯੋਧਿਆ ਦਾ ਰਹਿਣ ਵਾਲਾ ਹੈ ਪਰਿਵਾਰ
ਬੱਚੇ ਦੇ ਪਿਤਾ ਆਲੋਕ ਨੇ ਦੱਸਿਆ ਕਿ ਘਟਨਾ ਸਮੇਂ ਉਹ ਘਰ ਵਿੱਚ ਮੌਜੂਦ ਸਨ। ਰੌਲਾ ਸੁਣ ਕੇ ਉਹ ਤੁਰੰਤ ਬਾਹਰ ਆਏ। ਉਹ ਮੂਲ ਰੂਪ ਵਿੱਚ ਅਯੋਧਿਆ ਦੇ ਰਹਿਣ ਵਾਲੇ ਹਨ ਅਤੇ ਪਿਛਲੇ 2 ਸਾਲ ਤੋਂ ਲੁਧਿਆਣਾ ਦੇ ਨਿਊ ਚੰਦਰ ਨਗਰ ਵਿੱਚ ਰਹਿ ਕੇ ਮਜ਼ਦੂਰੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪਤਨੀ ਦੀ ਸਿਹਤ ਠੀਕ ਨਹੀਂ ਰਹਿੰਦੀ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ। ਇਸੇ ਕਾਰਨ ਬੱਚਿਆਂ ਦੀ ਦੇਖਭਾਲ ਲਈ ਉਨ੍ਹਾਂ ਨੇ ਆਪਣੀ ਭਾਣਜੀ ਸੋਨਮ ਨੂੰ ਜਲੰਧਰ ਤੋਂ ਆਪਣੇ ਕੋਲ ਬੁਲਾਇਆ ਸੀ।

ਪੁਲਿਸ ਵੱਲੋਂ ਜਾਂਚ ਜਾਰੀ
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ। ਥਾਣਾ ਹੈਬੋਵਾਲ ਦੇ SHO ਜਸਬੀਰ ਸਿੰਘ ਨੇ ਦੱਸਿਆ ਕਿ ਆਸ-ਪਾਸ ਦੇ ਇਲਾਕਿਆਂ ਵਿੱਚ ਲੱਗੇ CCTV ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ CCTV ਫੁਟੇਜ ਅਤੇ ਜਾਂਚ ਤੋਂ ਬਾਅਦ ਹੀ ਮਾਮਲੇ ਸਬੰਧੀ ਹੋਰ ਪੱਕੀ ਜਾਣਕਾਰੀ ਸਾਹਮਣੇ ਆਵੇਗੀ।