ਕੁੱਤੇ ਦੇ ਕੱਟੇ ਨੂੰ ਅਣਦੇਖਾ ਨਾ ਕਰੋ, ਇਹ ਜਾਨਲੇਵਾ ਹੋ ਸਕਦੈ: ਐਸਐਮਓ ਡਾ. ਬੇਦੀ
ਜ਼ਿਲ੍ਹਾ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਖੇ ਹਲਕਾਅ ਤੋਂ ਬਚਾਅ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ
ਫਤਿਹਗੜ੍ਹ ਸਾਹਿਬ 28 ਸਤੰਬਰ 2026: ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ ਅਰਵਿੰਦ ਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲਾ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ ਜਸਪ੍ਰੀਤ ਸਿੰਘ ਬੇਦੀ ਦੀ ਅਗਵਾਈ ਹੇਠ ਹਸਪਤਾਲ ਵਿੱਚ ਹਲਕਾਅ ਤੋਂ ਬਚਾਅ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਵਿੱਚ ਹਲਕਾਅ ਤੋਂ ਬਚਾਅ, ਐਂਟੀ ਰੇਬੀਜ ਵੈਕਸੀਨ ,ਐਂਟੀ ਰੇਬੀਜ਼ ਸੀਰਮ ਅਤੇ ਮੁਢਲੀ ਸਹਾਇਤਾ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਚਮੜੀ ਰੋਗਾਂ ਦੇ ਮਾਹਿਰ ਡਾ ਹਰਪ੍ਰੀਤ ਕੌਰ ਨੇ ਕੈਂਪ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਲਕਾਅ ਦਾ ਕੋਈ ਇਲਾਜ ਨਹੀ, ਸਿਰਫ ਬਚਾਅ ਲਈ ਉਪਰਾਲੇ ਹੀ ਸੰਭਵ ਹਨ ।
ਉਹਨਾਂ ਦੱਸਿਆ ਕਿ ਹਲਕਾਅ ਇੱਕ ਘਾਤਕ ਵਾਇਰਲ ਇਨਫੈਕਸ਼ਨ ਹੈ ਜੋ ਦਿਮਾਗ ਅਤੇ ਦਿਮਾਗੀ ਪ੍ਰਣਾਲੀ ਨੂੰ ਨਿਸ਼ਾਨਾ ਬਣਾਉਂਦਾ ਹੈ ਅਤੇ ਇਹ ਜਾਨਲੇਵਾ ਹੁੰਦਾ ਹੈ ਇਸ ਲਈ ਕੁੱਤੇ ਜਾਂ ਕਿਸੇ ਹੋਰ ਜਾਨਵਰ ਦੇ ਕੱਟਣ, ਚੱਟਣ ਅਤੇ ਖਰੋਂਚ ਕਰਨ ਤੇ ਅਣਗਿਹਲੀ ਨਾ ਕੀਤੀ ਜਾਵੇ , ਸਗੋਂ ਸਮੇਂ ਸਿਰ ਮਰੀਜ਼ ਨੂੰ ਹਸਪਤਾਲ ਪਹੁੰਚਾਕੇ ਇਸ ਦਾ ਇਲਾਜ ਕਰਵਾਉਣਾ ਚਾਹੀਦਾ ਹੈ। ਰੇਬੀਜ਼ ਭਾਵੇਂ ਘਾਤਕ ਹੈ ਪਰ ਇਸ ਤੋਂ ਪੂਰਣ ਬਚਾਅ ਕੀਤਾ ਜਾ ਸਕਦਾ ਹੈ । ਡਾ ਸੰਪੰਨ ਅਤ੍ਰਿ ਨੇ ਰੇਬੀਜ ਦੇ ਚਿੰਨ੍ਹ ਤੇ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਰੇਬੀਜ ਬਿਮਾਰੀ ਤੋਂ ਬਚਾਅ ਲਈ ਕੁੱਤਿਆਂ/ ਜਾਨਵਰਾਂ ਦੇ ਕੱਟਣ ਤੇਂ ਜਿਲ੍ਹਾ ਹਸਪਤਾਲ, ਸਬ ਡਵੀਜਨ ਹਸਪਤਾਲ ,ਕਮਿਉਨਿਟੀ ਸਿਹਤ ਕੇਂਦਰ ਅਤੇ ਆਮ ਆਦਮੀ ਕਲੀਨਿਕਾਂ ਵਿੱਚ ਐਂਟੀ ਰੇਬੀਜ ਵੈਕਸੀਨ ਲਗਾਈ ਜਾ ਰਹੀ ਹੈ ਅਤੇ ਜਖਮਾਂ ਤੇਂ ਲਗਾਉਣ ਲਈ ਐਂਟੀ ਰੇਬੀਜ ਸੀਰਮ ਵੀ ਮੁਫਤ ਉਪਲਬਧ ਕਰਵਾਇਆ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਜਿਨਾਂ ਘਰਾਂ ਵਿਚ ਲੋਕਾਂ ਨੇ ਪਾਲਤੂ ਕੁੱਤੇ ਰੱਖੇ ਹੋਏ ਹਨ, ਉਹ ਉਹਨਾਂ ਦਾ ਟੀਕਾਕਰਣ ਜਰੂਰ ਕਰਵਾਉਣ। ਉਹਨਾਂ ਦੇਸੀ ਟੋਟਕਿਆਂ ਦੀ ਬਜਾਏ ਸਹੀ ਇਲਾਜ ਕਰਾਉਣ ਲਈ ਕਿਹਾ ਕਿ ਕੁੱਤੇ/ ਜਾਨਵਰ ਦੇ ਕੱਟਣ ‘ਤੇ, ਜਖਮ ‘ਤੇ ਮਿਰਚਾ ਜਾਂ ਸੁਰਮਾ ਵਗੈਰਾ ਨਾ ਲਗਾਉ ਬਲਕਿ ਫਸਟ ਏਡ ਦੇ ਤੋਰ ‘ਤੇ ਜਖਮ ਨੂੰ ਵੱਗਦੇ ਪਾਣੀ ਵਿਚ ਟੁੱਟੀ ਥੱਲੇ ਸਾਬਣ ਨਾਲ 15 ਮਿੰਟ ਤੱਕ ਧੋਵੇ ਅਤੇ ਮਰੀਜ਼ ਨੂੰ ਹਸਪਤਾਲ ਲਿਜਾ ਕੇ ਇਲਾਜ ਸ਼ੁਰੂ ਕਰਵਾਓ । ਉਹਨਾਂ ਕਿਹਾ ਕਿ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਵਿੱਚ ਇਸਦਾ ਮੁਫਤ ਇਲਾਜ ਕੀਤਾ ਜਾਂਦਾ ਹੈ, ਲੋੜ ਪੈਣ ਤੇ ਸਾਨੂੰ ਇਸ ਦਾ ਫਾਇਦਾ ਉਠਾਉਣਾ ਚਾਹੀਦਾ ਹੈ।
ਇਸ ਮੌਕੇ ਕੰਨ, ਨੱਕ, ਗੱਲਾ ਦੇ ਮਾਹਿਰ ਡਾ ਅਮਨਦੀਪ ਕੌਰ, ਡਾ ਦਮਨਪ੍ਰੀਤ ਕੌਰ, ਡਾ ਸੰਦੀਪ ਕੌਰ, ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਅਮਨਪ੍ਰੀਤ ਸਿੰਘ, ਨਰਸਿੰਗ ਸਿਸਟਰ ਕੁਲਬੀਰ ਕੌਰ, ਐਮ ਪੀ ਐਚ ਡਬਲਿਊ ਮੇਲ ਜਗਰੂਪ ਸਿੰਘ, ਫੈਸਿਲਟੀ ਮੈਨੇਜਰ ਕੁਲਵਿੰਦਰ ਕੌਰ ਅਤੇ ਨਰਸਿੰਗ ਵਿਦਿਆਰਥੀ ਹਾਜ਼ਰ ਸਨ।







