ਅਕਾਲੀ ਦਲ ਪੰਜਾਬ ਵਿਚੋਂ ਨਸ਼ੇ ਕਰੇਗਾ ਖ਼ਤਮ, ਹਰਸਿਮਰਤ ਬਾਦਲ ਨੇ ਦਿੱਤਾ ਵੱਡਾ ਬਿਆਨ

Top Trending News ਪੰਜਾਬ
  • ਅਕਾਲੀ ਦਲ ਪੰਜਾਬ ਵਿਚੋਂ ਨਸ਼ੇ ਕਰੇਗਾ ਖ਼ਤਮ, ਹਰਸਿਮਰਤ ਬਾਦਲ ਨੇ ਦਿੱਤਾ ਵੱਡਾ ਬਿਆਨ
  • ਕਿਹਾ ਕਿ ਕਾਂਗਰਸ ਤੇ ਆਪ ਦੋਵਾਂ ਨੇ ਲੋਕਾਂ ਨਾਲ ਧੋਖਾ ਕੀਤਾ, ਮੁੱਖ ਮੰਤਰੀ ਘਰ-ਘਰ ਨਸ਼ਿਆਂ ਦੀ ਡਲੀਵਰੀ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ

ਤਰਨ ਤਾਰਨ/ ਖਡੂਰ ਸਾਹਿਬ, 13 ਨਵੰਬਰ (ਦੇਸ਼ ਕਲਿੱਕ ਬਿਊਰੋ): ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਬਠਿੰਡਾ ਦੇ ਐਮ ਪੀ ਹਰਸਿਮਰਤ ਕੌਰ ਬਾਦਲ ਨੇ ਅੱਜ ਪੰਜਾਬ ਦੀਆਂ ਔਰਤਾਂ ਨੂੰ ਭਰੋਸਾ ਦੁਆਇਆ ਕਿ 2027 ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਪੰਜਾਬ ਦਾ ਨਸ਼ਿਆਂ ਤੋਂ ਪੱਕੇ ਤੌਰ ’ਤੇ ਖਹਿੜਾ ਛੁਡਾਇਆ ਜਾਵੇਗਾ।

ਬਠਿੰਡਾ ਦੇ ਐਮ ਪੀ ਜਿਹਨਾਂ ਨੇ ਇਥੇ ਅਤੇ ਤਰਨ ਤਾਰਨ/ਖਡੂਰ ਸਾਹਿਬ ਵਿਖੇ ਔਰਤਾਂ ਦੇ ਉਤਸ਼ਾਹਜਨਕ ਭਰਵੇਂ ਇਕੱਠਾਂ ਨੂੰ ਸੰਬੋਧਨ ਕੀਤਾ, ਨੇ‌ ਕਿਹਾ ਕਿ ਕਾਂਗਰਸ ਤੇ ਮੌਜੂਦਾ ਆਪ ਸਰਕਾਰ ਦੋਵਾਂ ਨੇ ਤੁਹਾਡੇ ਨਾਲ ਧੋਖਾ ਕੀਤਾ ਹੈ। ਦੋਵਾਂ ਨੇ ਨਸ਼ਾ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ ਪਰ ਬਜਾਏ ਅਜਿਹਾ ਕਰਨ ਦੇ ਇਹਨਾਂ ਦੇ ਰਾਜ ਵਿਚ ਨਸ਼ੇ ਹੋਰ ਫੈਲੇ ਤੇ ਪੰਜਾਬ ਵਿਚ ਘਰ-ਘਰ ਨਸ਼ਾ ਪਹੁੰਚਿਆ।

ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸਾਡੇ ਕੋਲ ਇਸ ਬੁਰਾਈ ਨੂੰ ਹਮੇਸ਼ਾ ਹਮੇਸ਼ਾ ਲਈ ਖ਼ਤਮ ਕਰਨ ਤੋਂ ਇਲਾਵਾ ਹੋਰ ਕੋਈ ਰਾਹ ਬਾਕੀ ਨਹੀਂ ਹੈ। ਉਹਨਾਂ ਕਿਹਾ ਕਿ ਪਹਿਲਾਂ ਜਦੋਂ ਉਹ ਪਿੰਡਾਂ ਵਿਚ ਜਾਂਦੇ ਸਨ ਤਾਂ ਔਰਤਾਂ ਉਹਨਾਂ ਦੇ ਸਕੂਲਾਂ, ਪੀਣ ਵਾਲੇ ਪਾਣੀ ਦੀਆਂ ਸਹੂਲਤਾਂ ਤੇ ਮੈਡੀਕਲ ਸਹੂਲਤਾਂ ਵਿਚ ਅਪਗ੍ਰੇਡ ਦੀ ਮੰਗ ਕਰਦੀਆਂ ਸਨ। ਉਹਨਾਂਕਿਹਾ ਕਿ ਅੱਜ ਔਰਤਾਂ ਸਿਰਫ ਇਹ ਚਾਹੁੰਦੀਆਂ ਹਨ ਕਿ ਨਸ਼ਾ ਤਸਕਰੀ ਹਰ ਹਾਲਤ ਵਿਚ ਖ਼ਤਮ ਹੋਵੇ ਕਿਉਂਕਿ ਇਸ ਨਾਲ ਸਾਰੀ ਪੀੜੀ ਬਰਬਾਦ ਹੋ ਰਹੀ ਹੈ। ਉਹਨਾਂ ਕਿਹਾ ਕਿ ਔਰਤਾਂ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ ਤੇ ਉਹ ਨਸ਼ਾ ਤਸਕਰਾਂ ਨੂੰ ਬੇਨਕਾਬ ਕਰਨ ਤੋਂ ਡਰਦੀਆਂ ਹਨ ਕਿਉਂਕਿ ਇਸ ਸਰਕਾਰ ਦੇ ਰਾਜ ਵਿਚ ਨਸ਼ਾ ਤਸਕਰ ਬੇਨਕਾਬ ਕਰਨ ਵਾਲੇ ਤੇ ਨਸ਼ਾ ਤਸਕਰਾਂ ਦੀ ਪੁਸ਼ਤ ਪਨਾਹੀ ਕਰਨ ਵਾਲਿਆਂ ਨੂੰ ਬੇਨਕਾਬ ਕਰਨ ਵਾਲਿਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ।

ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਨੇ ਨਸ਼ਾ ਤਸਕਰਾਂ ਨਾਲ ਨਜਿੱਠਣ ਵਾਸਤੇ ਮਾਈ ਭਾਗੋ ਦੀ ਫੌਜ ਬਣਾਈ ਹੈ। ਉਹਨਾਂ ਨੇ ਇਸਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਪਿੰਡਾਂ ਵਿਚ ਜੱਥੇ ਬਣਾਉਣ ਤੇ ਨਸ਼ਾ ਤਸਕਰਾਂ ਨੂੰ ਸਿੱਧਾ ਹੋ ਕੇ ਟਕਰਨ। ਉਹਨਾਂ ਇਹ ਵੀ ਕਿਹਾ ਕਿ ਇਕ ਵਾਰ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਇਕ ਮਹਿਲਾ ਡੀ ਜੀ ਪੀ ਅਗਵਾਈ ਹੇਠ ਵਿਸ਼ੇਸ਼ ਟਾਸਕ ਫੋਰਸ ਬਣਾ ਕੇ ਨਸ਼ਾ ਮਾਫੀਆ ਨਾਲ ਨਜਿੱਠਿਆ ਜਾਵੇਗਾ।

ਉਹਨਾਂ ਕਿਹਾ ਕਿ ਮੈਂ ਮਾਈ ਭਾਗੋ ਦੀ ਫੌਜ ਦੇ ਮੈਂਬਰਾਂ ਨੂੰ ਅਪੀਲ ਕਰਦੀ ਹਾਂ ਕਿ ਉਹ ਨਸ਼ਾ ਤਸਕਰਾਂ ਤੇ ਇਹਨਾਂ ਦੀ ਪੁਸ਼ਤ ਪਨਾਹੀ ਕਰਨ ਵਾਲਿਆਂ ਦਾ ਰਿਕਾਰਡ ਬਣਾਉਣ ਅਤੇ ਅਕਾਲੀ ਦਲ ਦੀ 2027 ਵਿਚ ਸਰਕਾਰ ਬਣਨ ’ਤੇ ਇਹਨਾਂ ਸਾਰਿਆਂ ਦੇ ਖਿਲਾਫ ਕਾਰਵਾਈ ਹੋਵੇਗੀ।

ਬਾਦਲ ਨੇ ਇਹ ਵੀ ਕਿਹਾ ਕਿ ਨਸ਼ੇੜੀਆਂ ਵਾਸਤੇ ਮੁੜ ਵਸੇਬਾ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ ਤੇ ਉਹਨਾਂ ਨੂੰ ਨਵੀਂ ਸ਼ੁਰੂਆਤ ਕਰਨ ਵਾਸਤੇ ਹੁਨਰ ਸਿੱਖਲਾਈ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਨਵੇਂ ਕਾਨੂੰਨ ਤਹਿਤ ਨਸ਼ਾ ਤਸਕਰਾਂ ਨੂੰ 10 ਸਾਲ ਤੱਕ ਜ਼ਮਾਨਤ ਨਹੀਂ ਮਿਲੇਗੀ ਤੇ ਉਹਨਾਂ ਦੀ ਜਾਇਦਾਦ ਜ਼ਬਤ ਕਰ ਕੇ ਪੀੜਤਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ।

ਉਹਨਾਂ ਕਿਹਾ ਕਿ ਆਪ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਹਾਲਾਤਾਂ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ। ਉਹਨਾਂ ਕਿਹਾ ਕਿ ਐਨ ਸੀ ਆਰ ਬੀ ਦੇ ਤਾਜ਼ਾ ਅੰਕੜੇ ਦੱਸਦੇ ਹਨ ਕਿ ਨਸ਼ਾ ਤਸਕਰੀ ਵਿਚ ਪੰਜਾਬ ਇਕ ’ਤੇ ਹੈ ਤੇ ਨਸ਼ਿਆਂ ਦੀ ਓਵਰਡੋਜ਼ ਨਾਲ ਮੌਤ ਦੇ ਮਾਮਲੇ ਵਿਚ ਦੂਜੇ ਨੰਬਰ ’ਤੇ ਹੈ। ਉਹਨਾਂ ਕਿਹਾ ਕਿ ਜੇਕਰ ਅਸੀਂ ਇਕ ਸਾਲ ਵਿਚ ਇਕ ਪਿੰਡ ਵਿਚ ਨਸ਼ਿਆਂ ਕਾਰਨ ਹੋਈਆਂ ਪੰਜ ਮੌਤਾਂ ਗਿਣਤੀਏ ਤਾਂ ਪੰਜ ਸਾਲਾਂ ਵਿਚ 13 ਹਜ਼ਾਰ ਪਿੰਡਾਂ ਵਿਚ 3.25 ਲੱਖ ਮੌਤਾਂ ਹੋਈਆਂ ਹਨ। ਉਹਨਾਂ ਕਿਹਾ ਕਿ ਜੇਕਰ ਅਸੀਂ ਕਸਬਿਆਂ ਤੇ ਸ਼ਹਿਰਾਂ ਵਿਚ ਨਸ਼ਿਆਂ ਕਾਰਨ ਹੋਈਆਂ ਮੌਤਾਂ ਦੇ ਅੰਕੜੇ ਗਿਣੀਏ ਤਾਂ ਇਹ ਅੰਕੜਾ ਪੰਜ ਤੋਂ ਛੇ ਲੱਖ ਤੱਕ ਪਹੁੰਚ ਜਾਂਦਾ ਹੈ।

ਬਾਦਲ ਨੇ ਮੁੱਖ ਮੰਤਰੀ ’ਤੇ ਸਿੱਧਾ ਹਮਲਾ ਬੋਲਦਿਆਂ ਉਹਨਾਂ ਨੂੰ ਆਖਿਆ ਕਿ ਉਹ ਦੱਸਣ ਕਿ ਪਿਛਲੇ ਪੰਜ ਸਾਲਾਂ ਵਿਚ ਉਹਨਾਂ ਨੇ ਕਿਹੜਾ ਸਭ ਤੋਂ ਵੱਡਾ ਨਸ਼ਾ ਸਰਗਨਾ ਫੜਿਆ ਹੈ ਤੇ ਚਿੱਟੇ ਦੀਆਂ ਫੈਕਟਰੀਆਂ ਬੇਨਕਾਬ ਕਿਉਂ ਨਹੀਂ ਕੀਤੀਆਂ ਗਈਆਂ। ਉਹਨਾਂ ਨੇ ਇਹ ਵੀ ਪੁੱਛਿਆ ਕਿ ਮੋਹਣਜੀਤ ਸਿੰਘ ਸ਼ੇਰੋਂ ਵੱਲੋਂ ਨਸ਼ਿਆਂ ਦੇ ਖਿਲਾਫ ਰੋਸ ਮੁਜ਼ਾਹਰਾ ਕਰਨ ’ਤੇ ਉਸ ’ਤੇ ਤਸ਼ੱਦਦ ਕਿਉਂ ਢਾਹਿਆ ਗਿਆ ਤੇ ਉਸਦੀ ਸੁਣਵਾਈ ਕਰਨ ਦੀ ਥਾਂ ’ਤੇ ਅਤੇ ਨਸ਼ਾ ਤਸਕਰਾਂ ਤੇ ਮੁਲਜ਼ਮ ਪੁਲਿਸ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਗਈ।

ਇਸ ਮੌਕੇ ਤਰਨ ਤਾਰਨ ਵਿਚ ਹਰਗੋਬਿੰਦ ਕੌਰ, ਕੰਚਨਪ੍ਰੀਤ ਕੌਰ, ਪਰਮਿੰਦਰ ਕੌਰ ਤੇ ਮਨਜੀਤ ਕੌਰ ਬਾਠ ਤੇ ਖਡੂਰ ਸਾਹਿਬ ਵਿਖੇ ਰਮਨਦੀਪ ਕੌਰ ਸ਼ੇਰੋਂ ਤੇ ਅਵਤਾਰ ਸਿੰਘ ਬਿੱਲਾ ਸ਼ੇਰੋਂ ਨੇ ਵੀ ਪ੍ਰੋਗਰਾਮ ਵਿਚ ਸ਼ਮੂਲੀਅਤ ਕੀਤੀ।